*ਸਰਹਾਲੀ ਆਰ.ਪੀ.ਜੀ. ਹਮਲੇ ਸਬੰਧੀ ਮਾਮਲਾ: ਪੰਜਾਬ ਪੁਲਿਸ ਨੇ ਫਿਲੀਪੀਨਜ਼ ਤੋਂ ਚਲਾਏ ਜਾ ਰਹੇ ਲਖਬੀਰ ਲੰਡਾ ਦੇ ਸਬ-ਮੌਡਿਊਲ ਦਾ ਕੀਤਾ ਪਰਦਾਫਾਸ਼; ਆਰ.ਪੀ.ਜੀ., ਰਾਕੇਟ ਲਾਂਚਰ ਸਮੇਤ ਤਿੰਨ ਸੰਚਾਲਕ ਗ੍ਰਿਫ਼ਤਾਰ*

0
15

ਚੰਡੀਗੜ੍ਹ/ਤਰਨਤਾਰਨ, 27 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): : ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਰਹਾਲੀ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ ਦੇ ਮਾਮਲੇ ਦੀ ਅਗਲੇਰੀ ਜਾਂਚ ਵਿੱਚ ਪੰਜਾਬ ਪੁਲਿਸ ਨੇ ਅੱਜ ਕੈਨੇਡਾ ਅਧਾਰਿਤ ਅੱਤਵਾਦੀ ਲਖਬੀਰ ਲੰਡਾ ਦੇ ਸਬ ਮਾਡਿਊਲ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਸਬ ਮਾਡਿਊਲ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੋਡਡ ਆਰ.ਪੀ.ਜੀ. ਦੇ ਨਾਲ ਨਾਲ ਰਾਕੇਟ ਲਾਂਚਰ ਵੀ ਬਰਾਮਦ ਕੀਤਾ ਗਿਆ ਹੈ। ਇਹ ਸਬ ਮਾਡਿਊਲ ਫਿਲੀਪੀਨਜ਼ ਤੋਂ ਯਾਦਵਿੰਦਰ ਸਿੰਘ ਵੱਲੋਂ ਲੰਡਾ ਦੇ ਨਿਰਦੇਸ਼ਾਂ ‘ਤੇ ਚਲਾਇਆ ਜਾ ਰਿਹਾ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਕਿਤੇ ਗਏ ਵਿਅਕਤੀਆਂ ਦੀ ਪਛਾਣ ਕੁਲਬੀਰ ਸਿੰਘ, ਹੀਰਾ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਚੰਬਾਲ, ਤਰਨਤਾਰਨ ਵਜੋਂ ਕੀਤੀ। ਉਹਨਾਂ ਅੱਗੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਦਾ ਨਾਂ ਵੀ ਮੁਕਦਮੇ ਵਿਚ ਦਰਜ ਕਰ ਲਿਆ ਹੈ।
ਡੀਜੀਪੀ ਨੇ ਦੱਸਿਆ ਕਿ ਵਰਤੋਂ ਲਈ ਤਿਆਰ ਲੋਡਡ ਆਰ.ਪੀ.ਜੀ. ਦੀ ਬਰਾਮਦਗੀ ਨਾਲ, ਪੰਜਾਬ ਪੁਲਿਸ ਨੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਕੀਤੇ ਜਾਣ ਵਾਲੇ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਹੈ।
ਇਹ ਸਫ਼ਤਲਾ ਦੋ ਦੋਸ਼ੀ ਨਾਬਾਲਗਾਂ ਸਮੇਤ ਸੱਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਮਿਲੀ, ਜਿਨ੍ਹਾਂ ਨੇ 9 ਦਸੰਬਰ ਨੂੰ ਰਾਤ 11.18 ਵਜੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਿਰਹਾਲੀ ਦੀ ਇਮਾਰਤ ‘ਤੇ ਅੱਤਵਾਦੀ ਹਮਲਾ ਕੀਤਾ ਸੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਤਰਨਤਾਰਨ ਪੁਲਿਸ ਨੇ ਬਿਲੀਆਂਵਾਲਾ ਪੁਲ ‘ਤੇ ਨਾਕਾਬੰਦੀ ਕੀਤੀ ਅਤੇ ਸਰਹਾਲੀ ਆਰ.ਪੀ.ਜੀ. ਹਮਲੇ ਵਿੱਚ ਸ਼ਾਮਲ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਕੁਲਬੀਰ ਸਿੰਘ ਅਤੇ ਹੀਰਾ ਸਿੰਘ ਵਜੋਂ ਹੋਈ, ਨੂੰ ਗ੍ਰਿਫਤਾਰ ਕੀਤਾ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਯਾਦਵਿੰਦਰ ਸਿੰਘ ਜੋ ਕਿ ਮੌਜੂਦਾ ਸਮੇਂ ਮਨੀਲਾ, ਫਿਲੀਪੀਨਜ਼ ਵਿੱਚ ਰਹਿੰਦਾ ਹੈ, ਦੇ ਨਿਰਦੇਸ਼ਾਂ ‘ਤੇ ਥਾਣਾ ਸਰਹਾਲੀ ਵਿਖੇ ਹੋਏ ਆਰ.ਪੀ.ਜੀ. ਹਮਲੇ ਵਾਲੇ ਦਿਨ ਲੋਡਿਡ ਆਰ.ਪੀ.ਜੀ. ਮੁਹੱਈਆ ਕਰਵਾਇਆ ਸੀ। ਉਹਨਾਂ ਦੱਸਿਆ ਕਿ ਦੋਸ਼ੀ ਯਾਦਵਿੰਦਰ ਨੇ ਨਾਬਾਲਗਾਂ ਜਿਹਨਾਂ ਨੇ ਪੁਲਿਸ ਸਟੇਸ਼ਨ ‘ਤੇ ਆਰ.ਪੀ.ਜੀ. ਹਮਲਾ ਕੀਤਾ ਸੀ, ਨੂੰ ਆਰ.ਪੀ.ਜੀ. ਹਮਲਾ ਕਰਨ ਬਾਰੇ ਇੱਕ ਟਿਊਟੋਰਿਅਲ ਵੀਡੀਓ ਵੀ ਭੇਜੀ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਕ ਹੋਰ ਦੋਸ਼ੀ ਦਵਿੰਦਰ ਸਿੰਘ ਨਾਲ ਮਿਲ ਕੇ ਯਾਦਵਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਇਕ ਹੋਰ ਆਰ.ਪੀ.ਜੀ. ਛੁਪਾਈ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਦੱਸੇ ਟਿਕਾਣੇ ਤਰਨਤਾਰਨ ਦੇ ਪਿੰਡ ਕੀੜੀਆਂ ਵਿਖੇ ਦਰਿਆ ਬਿਆਸ ਦੇ ਕੰਢੇ ‘ਤੇ ਆਰ.ਪੀ.ਜੀ. ਅਤੇ ਇੱਕ ਰਾਕੇਟ ਲਾਂਚਰ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਸ਼ੀ ਦਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਖੁਲਾਸਾ ਕੀਤਾ ਹੈ ਕਿ ਉਹ ਯਾਦਵਿੰਦਰ ਸਿੰਘ ਅਤੇ ਲੰਡਾ ਦੀਆਂ ਹਦਾਇਤਾਂ ‘ਤੇ ਸੂਬੇ ਵਿਚ ਇਕ ਹੋਰ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਤਰਨਤਾਰਨ ਪੁਲਿਸ ਵੱਲੋਂ ਆਰ.ਪੀ.ਜੀ. ਅਤੇ ਰਾਕੇਟ ਲਾਂਚਰ ਦੀ ਜਾਂਚ ਲਈ ਆਰਮੀ ਅਧਿਕਾਰੀਆਂ ਅਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ।
———

LEAVE A REPLY

Please enter your comment!
Please enter your name here