ਮਾਨਸਾ , 20 ਜੂਨ (ਸਾਰਾ ਯਹਾ/ਬਪਸ): ਦੇਸ਼ ਵਿੱਚ ਆਏ ਦਿਨ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਕਰੋਨਾ ਇੱਕ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਸਰਕਾਰ ਵੱਲੋਂ ਕਰੋਨਾ ਨੂੰ ਰੋਕਣ ਲਈ ਬਹੁਤ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਸਰਦੂਲਗੜ੍ਹ ਪੁਲੀਸ ਪ੍ਰਸ਼ਾਸਨ ਪਤਾ ਨਹੀਂ ਕਿਉਂ ਕਰੋਨਾ ਨਿਯਮਾਂ ਨੂੰ ਅੱਖੋ ਪਰੋਖੇ ਕਰਕੇ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਸਰਦੂਲਗੜ੍ਹ ਸ਼ਹਿਰ ਵਿੱਚ ਰੈਲੀ ਕੱਢ ਰਿਹਾ ਹੈ। ਜਦਕਿ ਸਰਦੂਲਗੜ੍ਹ ਵਿੱਚ ਕੱਲ੍ਹ ਇੱਕ ਕਰੋਨਾ ਪੋਜੈਟਿਵ ਕੇਸ ਪਾਇਆ ਗਿਆ ਹੈ। ਜਿਸ ਕਰਕੇ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ।ਸ਼ਹਿਰ ਦਾ ਵਾਰਡ ਨੰਬਰ-4 ਸੀਲ ਕੀਤਾ ਹੋਇਆ ਹੈ। ਇਸ ਸਥਿਤੀ ਚ ਸਰਦੂਲਗੜ੍ਹ ਪੁਲਸ ਇੱਕ ਨਿਜੀ ਸਕੂਲ ਦੇ ਬੱਚਿਆਂ ਨੂੰ ਨਾਲ ਲੈਕੇ ਇੱਕ ਪ੍ਰਭਾਵਸ਼ਾਲੀ ਰੈਲੀ ਕੱਢ ਕੇ ਪਤਾ ਨਹੀਂ ਕਿਹੜਾ ਤੀਰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੈਲੀ ਦੌਰਾਨ ਵਿਦਿਆਰਥੀਆਂ ਨੇ ਨਿੱਜੀ ਸਕੂਲ ਦੀ ਵਰਦੀ ਪਹਿਣਕੇ ਸਕੂਲ ਦੇ ਨਾਮ ਦਾ ਬੋਰਡ ਵੀ ਹੱਥਾਂ ਚ ਫੜਿਆ ਹੋਇਆ ਸੀ। ਸ਼ਹਿਰ ਵਾਸੀਆਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਡਰ ਤੋਂ ਸਰਕਾਰ ਨੇ ਸਿੱਖਿਆ ਸੰਸਥਾਵਾਂ ਪੂਰੀ ਤਰ੍ਹਾਂ ਬੰਦ ਕੀਤੀਆਂ ਹੋਈਆਂ ਹਨ। ਫਿਰ ਸਰਦੂਲਗੜ੍ਹ ਪੁਲਿਸ ਦੀ ਅਜਿਹੀ ਕੀ ਮਜਬੂਰੀ ਹੈ ਕਿ ਉਨ੍ਹਾਂ ਬੰਦ ਦੇ ਦੌਰਾਨ ਛੋਤੇ ਬੱਚਿਆਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਕੂਲੀ ਬੱਚਿਆਂ ਨੂੰ ਰੈਲੀ ਚ ਸਾਮਲ ਹੋਣ ਦਾ ਫਰਮਾਨ ਜਾਰੀ ਕਰ ਦਿੱਤਾ। ਕਈ ਸ਼ਹਿਰ ਵਾਸੀਆਂ ਨੇ ਆਪਣਾ ਨਾਮ ਗੁੱਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਸਾਨੂੰ ਡਰ ਹੈ ਕਿ ਪੁਲਿਸ ਆਪਣੀ ਫੋਕੀ ਵਾਹ-ਵਾਹ ਖੱਟਣ ਖਾਤਰ ਕਿਤੇ ਸਕੂਲੀ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੱਡੀ ਮੁਸੀਬਤ ਹੀ ਨਾ ਪਾ ਦੇਵੇ। ਇਸ ਬਾਰੇ ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਡੀ.ਅੈਸ.ਪੀ. ਸਰਦੂਲਗੜ੍ਹ ਦੇ ਕਹਿਣ ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੈਲੀ ਵਿੱਚ ਭੇਜਿਆ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰਪਾਲ ਦਾ ਕਹਿਣਾ ਹੈ ਕਿ ਇਸ ਵਿਸ਼ੇ ਸਬੰਧੀ ਉਹ ਪਤਾ ਕਰਾ ਲੈਂਦੇ ਹਨ ਕਿ ਕੀ ਗੱਲ ਹੈ। ਸਕੂਲੀ ਵਿਦਿਆਰਥੀ ਜੇਕਰ ਰੈਲੀ ਚ ਸਾਮਲ ਸਨ ਤਾਂ ਰੈਲੀ ਦੌਰਾਨ ਪੁਲਸ ਵੱਲੋਂ ਸਮਾਜਿਕ ਦੂਰੀ ਅਤੇ ਮਾਸਕ ਆਦਿ ਪਹਿਣਨ ਦੀ ਪਾਲਣਾ ਕਰਵਾਈ ਹੋਵੇਗੀ। ਬਾਕੀ ਮੈ ਇਸ ਸਬੰਧੀ ਜਾਣਕਾਰੀ ਲੈਕੇ ਪਤਾ ਕਰਦਾ ਹਾਂ।
ਕੈਪਸ਼ਨ: ਸਰਦੂਲਗੜ੍ਹ ਸ਼ਹਿਰ ਚ ਮਿਸਨ ਫਤਿਹ ਤਹਿਤ ਰੈਲੀ ਕੱਢਣ ਮੌਕੇ ਸਿਵਲ ਤੇ ਪੁਲਸ ਪ੍ਰਸ਼ਾਸਨ ਅਤੇ ਸਕੂਲੀ ਵਿਦਿਆਰਥੀ।