*ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੇ ਗਏ ਕਈ ਉਪਰਾਲੇ : ਅਰੁਣਾ ਚੌਧਰੀ*

0
14

ਚੰਡੀਗੜ, 16 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) :ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਤਾਂ ਜੋ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਸਮਾਜਿਕ ਸੁਰੱਖਿਆ ਅਧੀਨ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ।ਸ੍ਰੀਮਤੀ ਚੌਧਰੀ ਅੱਜ ਇੱਥੇ ਪੋਸ਼ਣ ਅਭਿਆਨ ਮਹੀਨੇ ਤਹਿਤ ਕਰਵਾਈ ਗਈ ਰਾਜ ਪੱਧਰੀ ਵਰਕਸ਼ਾਪ ਦੀ ਪ੍ਰਧਾਨਗੀ ਕਰ ਰਹੇ ਸਨ। ਵਿਭਾਗ ਵੱਲੋਂ 1 ਸਤੰਬਰ ਤੋਂ 30 ਸਤੰਬਰ,2021 ਤੱਕ ਸੂਬੇ ਭਰ ਵਿੱਚ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਵਿਭਾਗ ਵਿੱਚ ਵੱਡੇ ਪੱਧਰ ‘ਤੇ ਪੰਜਾਬ ਸਰਕਾਰ ਵੱਲੋਂ ਭਰਤੀਆਂ ਕੀਤੀਆਂ ਗਈਆਂ ਅਤੇ ਨਾਲ ਦੀ ਨਾਲ ਹੀ ਯੋਗ ਅਧਿਕਾਰੀਆਂ/ਕਰਮਚਾਰੀਆਂ ਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਾਡਾ ਇਹ ਵਿਭਾਗ ਸਿੱਧੇ ਤੌਰ ‘ਤੇ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ ਅਤੇ ਅਸੀਂ ਸਾਰੇ ਵਡਭਾਗੇ ਹਾਂ ਕਿ ਸਾਨੂੰ ਸਮਾਜ ਦੇ ਉਹਨਾਂ ਲੋਕਾਂ ਦੀ ਮਦਦ ਕਰਨ ਦਾ ਸੁਭਾਗ ਮਿਲਿਆ ਹੈ, ਜਿਹਨਾਂ ਦੀ ਮਦਦ ਕਰਨ ਵਾਲੇ ਬਹੁਤ ਘੱਟ ਹੁੰਦੇ ਹਨ। ਉਹਨਾਂ ਕਿਹਾ ਕਿ ਸਾਡਾ ਕੰਮ ਪੁੰਨ ਨਾਲੇ ਫਲੀਆਂ ਵਾਲੀ ਕਹਾਵਤ ਨੂੰ ਸਿੱਧ ਕਰਦਾ ਹੈ। ਇਸ ਮੌਕੇ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਵਿਭਾਗ ਰਾਹੀਂ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰਾਜੈਕਟਾਂ ਨੂੰ ਆਗਾਮੀ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਲੈਣ।ਸ੍ਰੀਮਤੀ ਚੌਧਰੀ ਨੇ ਕਿਹਾ ਕਿ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਸਾਡੀਆਂ ਆਂਗਣਵਾੜੀ ਵਰਕਰਾਂ ਵੱਲੋਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਗਈਆਂ।ਉਹਨਾਂ ਆਂਗਣਵਾੜੀ ਵਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਕੁਪੋਸ਼ਿਤ ਬੱਚਿਆਂ ਵੱਲ ਹੋਰ ਧਿਆਨ ਦੇਣ।ਇਸ ਮੌਕੇ ਬੋਲਦਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜੀ ਪੀ. ਸ੍ਰੀਵਾਸਤਵਾ ਨੇ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਪੋਸ਼ਣ ਵਾਟਿਕਾ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ। ਉਹਨਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਂਗਣਵਾੜੀ ਕੇਂਦਰਾਂ ਵਿੱਚ ਫਲਦਾਰ ਰੁੱਖਾਂ ਦੇ ਨਾਲ-ਨਾਲ ਮੈਡੀਸਿਨਲ ਦਰਖਤ ਲਗਾਉਣ ਵੱਲ ਵੀ ਧਿਆਨ ਦੇਣ ਅਤੇ ਇਹ ਦਰਖਤ ਆਂਗਣਵਾੜੀ ਕੇਂਦਰ ਨੇੜਲੀਆਂ ਸਾਂਝੀਆਂ ਜ਼ਮੀਨਾਂ ‘ਤੇ ਵੀ ਲਗਾਏ ਜਾਣ ਤਾਂ ਜੋ ਸਥਾਨਕ ਲੋਕਾਂ ਨੂੰ ਵੀ ਇਸ ਦਾ ਲਾਭ ਹੋ ਸਕੇ।ਅੱਜ ਦੇ ਇਸ ਸਮਾਗਮ ਦੌਰਾਨ ਡਿਜੀਟਲ ਪੇਰੈਂਟਸ ਮਾਰਗ ਦਰਸ਼ਕ ਰਿਪੋਰਟ ਵੀ ਜਾਰੀ ਕੀਤੀ ਗਈ।ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਭਾਗ ਵੱਲੋਂ ਕੀਤੇ ਜਾ ਰਹੇ ਉਸਾਰੂ ਕੰਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ। ਇਸ ਮੌਕੇ ਵਧੀਆ ਕੰਮ ਕਰਨ ਵਾਲੇ ਜ਼ਿਲਿਆਂ ਦਾ ਵੀ ਸਨਮਾਨ ਕੀਤਾ ਗਿਆ। ਬਿਹਤਰ ਕਾਰਗੁਜ਼ਾਰੀ ਵਿਖਾਉਣ ਵਾਲੀ ਸ਼੍ਰੇਣੀ ਵਿੱਚ ਪਹਿਲੇ ਨੰਬਰ ‘ਤੇ ਰੂਪਨਗਰ ਜ਼ਿਲਾ ਰਿਹਾ, ਜਦਕਿ ਦੂਸਰੇ ‘ਤੇ ਹੁਸ਼ਿਆਰਪੁਰ, ਤੀਸਰੇ ‘ਤੇ ਜਲੰਧਰ ਅਤੇ ਚੌਥੇ ‘ਤੇ ਫ਼ਾਜਿਲਕਾ ਰਿਹਾ। ਇਸੇ ਤਰਾਂ ਪੋਸ਼ਣ ਮਾਹ ਦੀਆਂ ਗਤੀਵਿਧੀਆਂ ਲਈ ਪਹਿਲੇ ਨੰਬਰ ‘ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੂਜੇ ‘ਤੇ ਫ਼ਿਰੋਜਪੁਰ, ਤੀਜੇ ‘ਤੇ ਰੂਪਨਗਰ, ਚੌਥੇ ‘ਤੇ ਮੁਕਤਸਰ ਅਤੇ ਜਲੰਧਰ ਪੰਜਵੇਂ ਸਥਾਨ ‘ਤੇ ਰਿਹਾ। ਇਸੇ ਤਰਾਂ ਪ੍ਰਧਾਨ ਮੰਤਰੀ ਮਾਤਰੁਬੰਧਨਾ ਯੋਜਨਾ ਵਿੱਚ ਪਹਿਲੇ ਨੰਬਰ ‘ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੂਜੇ ‘ਤੇ ਮਾਨਸਾ, ਤੀਜੇ ‘ਤੇ ਬਰਨਾਲਾ, ਚੌਥੇ ‘ਤੇ ਫ਼ਰੀਦਕੋਟ ਅਤੇ ਪਠਾਨਕੋਟ ਪੰਜਵੇਂ ਸਥਾਨ ‘ਤੇ ਰਿਹਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਸ੍ਰੀ ਵਿਪੁਲ ਉਜਵਲ, ਜੁਆਇੰਟ ਡਾਇਰੈਕਟਰ ਸ੍ਰੀਮਤੀ ਵਿੰਮੀ ਭੁੱਲਰ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।—————–

NO COMMENTS