ਵੈਕਸੀਨੇਸ਼ਨ ਮੁਹਿੰਮ ਦੇ ਚੌਥੇ ਦਿਨ ਕੋਵਾਸ਼ੀਲਡ ਦੇ 45 ਟੀਕੇ ਲਗਾਏ

0
20

ਮਾਨਸਾ, 20 ਜਨਵਰੀ  (ਸਾਰਾ ਯਹਾ/ਮੁੱਖ ਸੰਪਾਦਕ):   ਵਿਸ਼ਵ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਕਾਰਨ ਲੋਕਾਂ ਵਿੱਚ ਭੈਅ ਦਾ ਮਾਹੌਲ ਪੈਦਾ ਹੋ ਗਿਆ ਸੀ। ਕੋਰੋਨਾ ਦੀ ਰੋਕਥਾਮ ਲਈ ਵੈਕਸੀਨ ਬਣਾਉਣ ਲਈ ਪੂਰੀ ਦੁਨੀਆ ਦੇ ਮਾਹਿਰ ਵਿਗਿਆਨੀਆਂ ਨੇ ਆਪਣੀ ਵਾਹ ਲਗਾਈ ਹੋਈ ਹੈ। ਪਰ ਹੁਣ ਭਾਰਤ ਸਰਕਾਰ ਵੱਲੋਂ ਪਹਿਲਕਦਮੀ ਕਰਦਿਆਂ ਇਸ ਮਹਾਂਮਾਰੀ ਦੀ ਰੋਕਥਾਮ ਲਈ ਕੋਵਾਸ਼ੀਲਡ ਨਾਮ ਦੀ ਕੋਰੋਨਾ ਵੈਕਸੀਨ ਤਿਆਰ ਕਰਕੇ ਫਰੰਟਲਾਈਨ ‘ਤੇ ਕੰਮ ਕਰਨ ਵਾਲੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਵੈਕਸੀਨੇਸ਼ਨ ਦੇ ਪਹਿਲੇ ਗੇੜ ਲਈ ਸਿਹਤ ਵਿਭਾਗ ਮਾਨਸਾ ਵੱਲੋਂ ਤਿੰਨ ਕੋਰੋਨਾਂ ਵੈਕਸੀਨੇਸ਼ਨ ਪੁਆਇੰਟ ਬਣਾਏ ਗਏ ਜਿਨ੍ਹਾਂ ਵਿੱਚ ਸਿਵਲ ਹਸਪਤਾਲ ਮਾਨਸਾ, ਸਬ ਡਵੀਜਨ ਹਸਪਤਾਲ ਬੁਢਲਾਡਾ ਅਤੇ ਇੱਕ ਜਨਕ ਨਰਸਿੰਗ ਹੋਮ ਮਾਨਸਾ ਸ਼ਾਮਲ ਹਨ।


ਅੱਜ ਜਨਕ ਨਰਸਿੰਗ ਹੋਮ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੀ ਮੌਜੂਦਗੀ ਵਿੱਚ ਕੋਰੋਨਾ ਵੈਕਸੀਨੇਸ਼ਨ ਲਗਾਉਣ ਦੀ ਰਸਮੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਵੱਲੋਂ ਖੁਦ ਦੇ ਵੈਕਸੀਨ ਲਗਵਾ ਕੇ ਵੈਕਸੀਨੇਸ਼ਨ ਮੁਹਿੰਮ ਦੇ ਚੌਥੇ ਦਿਨ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਮੁਕਤ ਕਰਨ ਲਈ ਸਭ ਨੂੰ ਬਿਨਾਂ ਕਿਸੇ ਡਰ ਤੋਂ ਇਹ ਵੈਕਸੀਨ ਲਗਵਾਉਣੀ ਚਾਹੀਦੀ ਹੈ। ਕੋਰੋਨਾ ਵੈਕਸੀਨ ਲਗਵਾਉਣ ਉਪਰੰਤ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ 45 ਵਿਅਕਤੀਆਂ ਨੂੰ ਕੋਰੋਨਾ ਦੀ ਇਹ ਵੈਕਸੀਨ ਦਿੱਤੀ ਗਈ ਹੈ ਅਤੇ ਇਹ ਸਾਰੇ ਵਿਅਕਤੀ ਪੂਰੀ ਤਰ੍ਹਾਂ ਸਿਹਤਯਾਬ ਹਨ। ਉਨ੍ਹਾਂ ਕਿਹਾ ਕਿ ਇਸ ਦੀ ਦੂਜੀ ਖੁਰਾਕ 28 ਦਿਨਾਂ ਬਾਅਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸ ਨਾਲ ਸਿਹਤ ‘ਤੇ ਕੋਈ ਵੀ ਮਾੜਾ ਪ੍ਰਭਾਵ ਨਹੀ ਪੈਂਦਾ।


ਇਸ ਮੌਕੇ ਡਾ. ਜਨਕ ਰਾਜ, ਡਾ. ਕੁਲਵੰਤ ਸਿੰਘ, ਡਾ. ਮਾਨਵ ਜਿੰਦਲ, ਡਾ. ਦੀਪੀਕਾ ਜਿੰਦਲ, ਡਾ. ਰਾਕੇਸ਼ ਜਿੰਦਲ, ਡਾ ਪੁਨੀਤ ਰੇਖੀ ਅਤੇ ਡਾ. ਅਵਨੀਸ਼ ਕਾਂਸਲ ਵੱਲੋਂ ਵੀ ਸਵੈਇੱਛਤ ਕੋਵਾਸ਼ੀਲਡ ਵੈਕਸੀਨ ਲਗਵਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੰਜੀਵ ਓਬਰਾਏ ਜਿ਼ਲ੍ਹਾ ਟੀਕਾਕਰਨ ਅਫ਼ਸਰ, ਡਾ. ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਅਤੇ ਡਾ. ਸ਼ੇਰਜੰਗ ਸਿੰਘ ਸਿੱਧੂ ਵੀ ਉਚੇਚੇ ਤੌਰ ‘ਤੇ ਹਾਜਰ ਸਨ।

LEAVE A REPLY

Please enter your comment!
Please enter your name here