ਵਿੱਦਿਆ ਦਾ ਦਾਨ ਹੀ ਨਹੀਂ, ਰੁਜ਼ਗਾਰ ਦੇ ਰਾਹ ਵੀ ਖੋਲ ਰਿਹਾ ਜੀਤਸਰ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ

0
17

ਮਾਨਸਾ, 9 ਜੂਨ (ਸਾਰਾ ਯਹਾ/ ਹੀਰਾ ਸਿੰਘ ਮਿੱਤਲ): ਪੰਜਾਬ ਭਰ ਚ ਨਵੇਂ ਦਾਖਲਿਆਂ ਚ ਮੋਹਰੀ ਰਹਿਣ ਵਾਲੇ ਸਕੂਲਾਂ ਨੂੰ ਸਿੱਖਿਆ ਸਕੱਤਰ ਵੱਲ੍ਹੋ ਭੇਜੇ ਸਨਮਾਨ ਪੱਤਰਾਂ ਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦਾ ਨਾਮ ਵੀ ਸ਼ਾਮਲ ਹੈ, ਇਹ ਸਕੂਲ ਰਾਜ ਦੇ ਉਨ੍ਹਾਂ ਵਿਰਲੇ ਸਕੂਲਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੈ,ਜਿਥੇਂ ਬੱਚਿਆਂ ਦੀ ਗਿਣਤੀ ਤੋਂ ਗਿਣਤੀ 18 ਤੋਂ 167 ਤੱਕ ਪਹੁੰਚੀ ਹੋਵੇ।ਇਹ ਸਕੂਲ ਬੱਚਿਆਂ ਨੂੰ ਸਮੇਂ ਦਾ ਹਾਣੀ ਹੀ ਨਹੀਂ ਸਗੋਂ ਅਧਿਆਪਕਾਂ ਅਤੇ ਮਿੱਡ ਡੇ ਮੀਲ ਕਾਮਿਆ ਲਈ ਰੁਜ਼ਗਾਰ ਵੀ ਵੰਡ ਰਿਹਾ।
ਲਗਭਗ 14 ਸਾਲ ਪਹਿਲਾ ਜਦੋਂ ਹੁਣ ਹੈੱਡ ਟੀਚਰ ਬਣ ਚੁੱਕੇ ਸੱਤਪਾਲ ਸਿੰਘ ਨੇ ਸਕੂਲ ਦਾ ਚਾਰਜਭਾਗ ਸੰਭਾਲਿਆ ਸੀ ਤਾਂ ਮਸਾਂ 30 ਕੁ ਘਰਾਂ ਵਾਲੇ ਜੀਤਸਰ ਕੋਠੇ ਦੀ ਢਾਣੀ ਚ 18 ਕੁ ਨਿਆਣਿਆਂ ਕਾਰਨ ਸਕੂਲ ਬੰਦ ਕਿਨਾਰੇ ਸੀ, ਬਹਾਨਾ ਵਧੀਆ ਸੀ, ਕਿ ਜਦੋਂ ਪਿੰਡ ਚ ਬੱਚੇ ਹੀ ਨਹੀਂ ਤਾਂ ਮੈਂ ਕਿਥੋ ਲਿਆਵਾ ,ਨਾ ਬੱਚੇ ਵਧਣੇ ਸੀ,ਨਾ ਸਕੂਲ ਬਚਣਾ ਸੀ, ਨਾ ਹੁਣ ਜਿੰਨੀਆਂ ਅਧਿਆਪਕਾਂ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਅਸਾਮੀਆਂ ਦਾ ਰਾਹ ਖੁੱਲਣਾ ਸੀ, ਸਗੋਂ ਪਹਿਲਾ ਵਾਲੀਆ ਪੋਸਟਾਂ ਵੀ ਉੱਡ ਜਾਂਦੀਆਂ।ਪਰ ਸੱਤਪਾਲ ਸਿੰਘ ਨੇ ਹੋਸਲਾ ਨਹੀਂ ਛੱਡਿਆ ,ਕੁਝ ਕਰਨ ਦੀ ਚਾਹਤ ਸੀ, ਸਟਾਫ ਮੈਂਬਰਾਂ ਦੇ ਨਾਲ ਮਿਹਨਤ ਇਸ ਕਦਰ ਕੀਤੀ ਕਿ ਸਕੂਲ ਸਮਾਰਟ ਬਣ ਗਿਆ ,ਸਮਾਰਟ ਸਿਰਫ ਚਮਕ ਦਮਕ ਪੱਖੋਂ ਹੀ ਨਹੀਂ ਸਗੋਂ ਪੜ੍ਹਾਈ ਦੇ ਮਿਆਰ ਨੂੰ ਇਸ ਕਦਰ ਚੁੱਕਿਆ ਕਿ ਗਵਾਂਢੀ ਪਿੰਡਾਂ ਚ ਵੀ ਚਰਚਾ ਛਿੜ ਗਈ ਤੇ ਬੱਚਿਆਂ ਦੀਆਂ ਲਾਈਨਾਂ ਲੱਗ ਗਈਆਂ , ਬੱਚਿਆਂ ਦਾ ਹਰ ਵਰ੍ਹੇ ਨਵੋਦਿਆ ਲਈ ਚੁਣਿਆ ਜਾਣਾ, ਖੇਡਾਂ, ਸਭਿਆਚਾਰ ਅਤੇ ਹੋਰ ਹਰ ਤਰ੍ਹਾਂ ਦੇ ਮੁਕਾਬਲਿਆਂ ਚ ਕਮਾਲ ਭਰੀ ਕਾਰਗੁਜ਼ਾਰੀ ਨੇ ਸਕੂਲ ਦੇ ਨਾਮ ਨੂੰ ਇਸ ਕਦਰ ਚਮਕਾ ਦਿੱਤਾ ਕਿ ਪੰਜਾਬ ਸਰਕਾਰ ਵੱਲ੍ਹੋਂ ਸੱਤਪਾਲ ਸਿੰਘ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਬਹੁਤਿਆਂ ਨੂੰ ਚਿਰਾਂ ਬਾਅਦ ਤਸੱਲੀ ਹੋਈ ਕਿ ਇਹ ਅਵਾਰਡ ਕਿਸੇ ਜੁਗਤ,ਜੁਗਾੜ ਨਾਲ ਨਹੀਂ ,ਸਗੋਂ 18 ਤੋਂ 167 ਬੱਚਿਆਂ ਦੀ ਕਹਾਣੀ ਦਾ ਸੱਚ ਸਭ ਦੇ ਸਾਹਮਣੇ ਸੀ। ਇਸ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਸਮੇਤ ਸਾਰੀਆਂ ਕਲਾਸਾਂ ਸਮਾਰਟ ਇੰਗਲਿਸ਼ ਮੀਡੀਅਮ ਵਿਚ ਲਗਦੀਆਂ ਹਨ,ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੰਪਿਊਟਰ ਲੈਬ ਹੈ ਜਿੱਥੇ ਬੱਚਿਆਂ ਨੂੰ ਕੰਪਿਊਟਰ ਦੀ ਸਿਖਲਾਈ ਦਿੱਤੀ ਜਾਂਦੀ ਹੈ।ਪਿਛਲੇ 14 ਸਾਲਾਂ ਤੋਂ ਇੱਥੇ ਪ੍ਰੀ ਪ੍ਰਾਇਮਰੀ ਕਲਾਸਾਂ ਤੇ 5 ਸਾਲਾਂ ਤੋਂ ਇੰਗਲਿਸ਼ ਮੀਡੀਅਮ ਚੱਲ ਰਿਹਾ ਹੈ।
ਹਰ ਸਾਲ 15 ਅਗਸਤ ਤੇ 26 ਜਨਵਰੀ ਇਸ ਸਕੂਲ ਵੱਲੋਂ ਭਾਗ ਲਿਆ ਜਾਂਦਾ ਹੈ ਸਕੂਲ ਦੇ ਕਾਫੀ ਬੱਚੇ ਮਾਡਲ ਸਕੂਲ ਦਾਤੇਵਾਸ ਸਿਲੈਕਟ ਹੋ ਚੁੱਕੇ ਹਨ, 3 ਈ ਟੀ ਟੀ ਅਧਿਆਪਕਾਂ ਦੀਆਂ ਪੋਸਟਾਂ ਕਰੇਟ ਹੋ ਚੁੱਕੀਆਂ ਹਨ, ਇਸ ਤੋਂ ਬਿਨਾਂ 2 ਮਿਡ ਡੇ ਮੀਲ ਕੁੱਕ ਬੀਬੀਆਂ ਨੂੰ ਵੀ ਰੁਜ਼ਗਾਰ ਮਿਲਿਆ ਹੈ। ਉਹਨਾਂ ਦੱਸਿਆ ਕਿ 14 ਸਾਲਾਂ ਦੇ ਇਸ ਸਫ਼ਰ ਵਿੱਚ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਰਿਹਾ ਹੈ। ਸਮੂਹ ਸਟਾਫ ਦੀ ਮਿਹਨਤ, ਲੋਕਾਂ ਤੇ ਵਿਸ਼ਵਾਸ ਤੇ ਖਰੀ ਉਤਰੀ ਹੈ। ਚੈਅਰਮੈਨ ਕੁਲਵੰਤ ਸਿੰਘ,ਪੀਟੀਏ ਪ੍ਰਧਾਨ ਗਗਨਦੀਪ ਕੌਰ,ਦਰੋਗਾ ਸਿੰਘ, ਮੱਖਣ ਸਿੰਘ ਫੌਜੀ, ਸਰਬਜੀਤ ਸਿੰਘ, ਤੇਜਾ ਸਿੰਘ ਨੇ ਸਾਰੇ ਸਟਾਫ ਨੂੰ ਪ੍ਰਸ਼ੰਸਾ ਪੱਤਰ ਮਿਲਣ ਤੇ ਵਧਾਈ ਦਿੱਤੀ ਹੈ।

LEAVE A REPLY

Please enter your comment!
Please enter your name here