*ਵਿਰੋਧੀਆਂ ਦਾ ਕਾਂਗਰਸ ਤੇ ਨਿਸ਼ਾਨਾ, ਕਿਹਾ ਸਿਰਫ 3 ਮਹੀਨੇ ਲਈ CM ਲਾ ਕੀਤਾ ਦਲਿਤਾਂ ਦਾ ਅਪਮਾਨ *

0
52


ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਦਲਿਤ ਚਿਹਰਾ ਮੁੱਖ ਮੰਤਰੀ ਬਣਿਆ ਹੈ ਪਰ ਇਸ ਵਿਚਾਲੇ ਵਿਰੋਧੀਆਂ ਨੇ ਕਾਂਗਰਸ ਤੇ ਇਲਜ਼ਾਮ ਲਾਉਣੇ ਵੀ ਸ਼ੁਰੂ ਕਰ ਦਿੱਤੇ ਹਨ।

ਦਰਅਸਲ, ਹਰੀਸ਼ ਰਾਵਤ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨਵਜੋਤ ਸਿੱਧੂ ਦੇ ਚਿਹਰੇ ‘ਤੇ ਲੜੀਆਂ ਜਾਣਗੀਆਂ। ਅਜਿਹੀ ਸਥਿਤੀ ਵਿੱਚ ਹੁਣ ਵਿਰੋਧੀ ਧਿਰ ਇਹ ਸਵਾਲ ਉਠਾ ਰਹੀ ਹੈ ਕਿ ਚੰਨੀ ਨੂੰ ਮੁੱਖ ਮੰਤਰੀ ਕਿਉਂ ਬਣਾਇਆ ਗਿਆ ਤੇ ਕਾਂਗਰਸ ਨੇ ਚੰਨੀ ਨੂੰ ਸਿਰਫ 3 ਮਹੀਨਿਆਂ ਲਈ ਮੁੱਖ ਮੰਤਰੀ ਬਣਾ ਕੇ ਦਲਿਤਾਂ ਦਾ ਅਪਮਾਨ ਕੀਤਾ ਹੈ।

ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਸਵਾਲ ਉਠਾਏ ਤੇ ਕਿਹਾ ਕਿ ਕਾਂਗਰਸ ਇੱਕ ਤਰ੍ਹਾਂ ਨਾਲ ਦਲਿਤਾਂ ਦਾ ਪੱਖ ਪੂਰ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚਰਨਜੀਤ ਸਿੰਘ ਚੰਨੀ ਨੂੰ 3 ਮਹੀਨਿਆਂ ਲਈ ਮੁੱਖ ਮੰਤਰੀ ਬਣਾਇਆ ਤੇ ਸਪੱਸ਼ਟ ਕੀਤਾ ਕਿ ਉਸ ਤੋਂ ਬਾਅਦ ਚੋਣਾਂ ਵਿੱਚ ਜਾਣ ਦਾ ਚਿਹਰਾ ਨਵਜੋਤ ਸਿੱਧੂ ਦਾ ਹੋਵੇਗਾ ਭਾਵ ਕਾਂਗਰਸ ਖੁਦ ਚੰਨੀ ਦੇ ਚਿਹਰੇ ਨੂੰ ਭਰੋਸੇਯੋਗ ਨਹੀਂ ਮੰਨਦੀ।

ਸਿਰਸਾ ਨੇ ਕਿਹਾ ਕਿ ਮੈਨੂੰ ਉਮੀਦ ਸੀ ਕਿ ਚੰਨੀ ਅੱਜ ਮੁੱਖ ਮੰਤਰੀ ਵਜੋਂ ਸਹੁੰ ਵੀ ਨਹੀਂ ਚੁੱਕਣਗੇ ਕਿਉਂਕਿ ਇਹ ਦਲਿਤਾਂ ਦਾ ਅਪਮਾਨ ਹੈ ਪਰ ਫਿਰ ਵੀ ਉਸ ਨੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਸਹੁੰ ਚੁੱਕੀ ਕਿ ਉਸ ਦੀ ਅਜਿਹੀ ਸਹੁੰ ਲੈਣ ਨਾਲ ਦਲਿਤ ਸਮਾਜ ਦਾ ਅਪਮਾਨ ਹੋਇਆ ਹੈ। ਸ਼ਾਇਦ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਤੇ ਕੁਰਸੀ ਜ਼ਿਆਦਾ ਪਸੰਦ ਸੀ।

ਸਿੱਧੂ ‘ਤੇ ਹਮਲਾ ਕਰਦਿਆਂ ਸਿਰਸਾ ਨੇ ਕਿਹਾ, “ਗਾਂਧੀ ਪਰਿਵਾਰ ਜਾਣਦਾ ਹੈ ਕਿ ਨਵਜੋਤ ਸਿੱਧੂ ਅਜਿਹਾ ਬੰਬ ਹੈ ਜੋ ਕਿਸੇ ਵੀ ਸਮੇਂ ਫਟ ਸਕਦਾ ਹੈ, ਜਿਸ ਤੋਂ ਗਾਂਧੀ ਪਰਿਵਾਰ ਡਰਦਾ ਹੈ। ਪਤਾ ਨਹੀਂ ਕਦੋਂ ਨਵਜੋਤ ਸਿੰਘ ਸਿੱਧੂ ਨੇ ਗਾਂਧੀ ਪਰਿਵਾਰ ਲਈ ਪੱਪੂ ਤੇ ਮੁੰਨੀ ਵਰਗੇ ਸ਼ਬਦ ਵਰਤਣੇ ਸ਼ੁਰੂ ਕਰ ਦੇਣ। ਅਜਿਹੀ ਸਥਿਤੀ ਵਿੱਚ, ਹੁਣ ਕਾਂਗਰਸ ਨੂੰ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਦਾ ਇਹ ਕਦਮ ਕਿਵੇਂ ਮਾਸਟਰਸਟ੍ਰੋਕ ਹੈ ਕਿਉਂਕਿ ਸਾਡੇ ਅਨੁਸਾਰ ਇਹ ਦਲਿਤਾਂ ਦਾ ਅਪਮਾਨ ਹੈ।”  

ਇਹ ਧਿਆਨ ਦੇਣ ਯੋਗ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਤੇ ਬਸਪਾ ਨੇ ਗਠਜੋੜ ਬਣਾਇਆ ਹੈ ਤੇ ਅਜਿਹੀ ਸਥਿਤੀ ਵਿੱਚ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਕਾਂਗਰਸ ਦੇ ਕਦਮ ਨੂੰ ਅਕਾਲੀ ਬਸਪਾ ਗਠਜੋੜ ਲਈ ਸਿੱਧੀ ਚੁਣੌਤੀ ਵਜੋਂ ਵੇਖਿਆ ਜਾ ਰਿਹਾ ਹੈ

LEAVE A REPLY

Please enter your comment!
Please enter your name here