ਵਿਦਿਅਕ ਸੰਸਥਾਵਾਂ ਨੂੰ ਤੰਬਾਕੂ ਤੋਂ ਪੂਰੀ ਤਰਾਂ ਮੁਕਤ ਕਰਨ ਲਈ ਮੁੜ ਹਦਾਇਤਾਂ ਜਾਰੀ

0
9

ਚੰਡੀਗੜ 21 ਜਨਵਰੀ (ਸਾਰਾ ਯਹਾ/ਮੁੱਖ ਸੰਪਾਦਕ): ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਤੰਬਾਕੂ ਤੋਂ ਪੂਰੀ ਤਰਾਂ ਮੁਕਤ ਕਰਨ ਨੂੰ ਯਕੀਨੀ ਬਨਾਉਣ ਲਈ ਮੁੜ ਨਿਰਦੇਸ਼ ਜਾਰੀ ਕੀਤੇ ਹਨ।ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਤੰਬਾਕੂ ਤੋਂ ਮੁਕਤ ਕਰਨ ਲਈ ਭਾਰਤ ਸਰਕਾਰ ਵੱਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਦੇ ਆਧਾਰ ’ਤੇ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਇਸ ਸਬੰਧ ਵਿੱਚ ਸਮੂਹ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਗੌਰਤਲਬ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਸਕੂਲਾਂ ਅਤੇ ਇਸ ਦੇ ਅਲੇ-ਦੁਆਲੇ ਨੂੰ ਤੰਬਾਕੂ ਮੁਕਤ ਕਰਨ ਲਈ ਸਖ਼ਤ ਕਦਮ ਚੁੱਕੇ ਗਏ ਹਨ ਅਤੇ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਗੁਟਕਾ ਅਤੇ ਪਾਨ ਮਸਾਲਾ ਵਰਗੀਆਂ ਤੰਬਾਕੂ ਵਸਤਾਂ ’ਤੇ ਪਾਬੰਦੀ ਲਾਈ ਹੋਈ ਹੈ। ਭਾਰਤ ਸਰਕਾਰ ਦੀਆਂ ਨਵੀਂਆਂ ਹਦਾਇਤਾਂ ਦੇ ਆਧਾਰ ’ਤੇ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਤੰਬਾਕੂ ਤੋਂ ਪੂਰੀ ਤਰਾਂ ਮੁਕਤ ਕਰਨ ਲਈ ਮੁੜ ਹਦਾਇਤਾਂ ਜਾਰੀ ਕੀਤੀਆਂ ਹਨ।ਬੁਲਾਰੇ ਅਨੁਸਾਰ ਭਾਰਤ ਸਰਕਾਰ ਵੱਲੋਂ ਤਾਜ਼ਾ ਦਿਸ਼ਾ-ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਤੰਬਾਕੂ ਦੇ ਕਾਰਨ ਦੁਨੀਆ ਭਰ ਵਿੱਚ ਤਮਾਕੂ ਨਾਲ ਵੱਡੀ ਪੱਧਰ ’ਤੇ ਮੌਤਾ ਹੋ ਰਹੀਆਂ ਹਨ ਅਤੇ ਇਨਾਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ। ਗਲੋਬਲ ਯੂਥ ਤਮਾਕੂ ਸਰਵੇ (ਜੀ.ਵਾਈ.ਟੀ.ਐਸ.) ਦੀ ਸਾਲ 2009 ਦੀ ਰਿਪੋਰਟ ਵਿੱਚ ਭਾਰਤ ਵਿੱਚ 13 ਤੋਂ 15 ਸਾਲ ਦੇ 14.6 ਫ਼ੀਸਦੀ ਵਿਦਿਆਰਥੀ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦੇ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਗਲੋਬਲ ਆਡਿਟ ਤੰਬਾਕੂ ਸਰਵੇ 2016-17 ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ 15 ਸਾਲ ਜਾਂ ਇਸ ਤੋਂ ਉਪਰ ਉਮਰ ਦੇ 28.6 ਫ਼ੀਸਦੀ ਵਿਅਕਤੀ ਤੰਬਾਕੂ ਦਾ ਸੇਵਨ ਕਰਦੇ ਹਨ ਜਿਸ ਦਾ ਲੋਕਾਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਤੰਬਾਕੂ ਦੇ ਬੁਰੇ ਪ੍ਰਭਾਵਾਂ ਦੇ ਕਾਰਨ ਹੀ  ਸਰਕਾਰ ਨੇ 2007-08 ਵਿੱਚ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਦੇ ਹੇਠ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ ਗਿਆ ਸੀ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਤੰਬਾਕੂ ਦੇ ਖਤਰਨਾਕ ਪ੍ਰਭਾਵਾਂ ਬਾਰੇ ਪਹਿਲਾਂ ਹੀ ਵਿਦਿਆਰਥੀਆਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।———-

LEAVE A REPLY

Please enter your comment!
Please enter your name here