ਵਿਜੀਲੈਂਸ ਵੱਲੋ ਰਿਸ਼ਵਤਖੋਰੀ ਮਾਮਲੇ ‘ਚ ਵੱਖ ਵੱਖ ਪਹਿਲੂਆਂ ਤੋਂ ਤਫਸੀਸ਼ ਸ਼ੁਰੂ

0
302

ਮਾਨਸਾ 19 ਜੂਨ (ਸਾਰਾ ਯਹਾ/ ਜਗਦੀਸ਼ ਬਾਂਸਲ)-ਵਿਜੀਲੈਂਸ ਵਿਭਾਗ ਦੀ ਟੀਮ ਵੱਲੋ ਰਿਸ਼ਵਤਖੋਰੀ ਮਾਮਲੇ ਚ ਪਰਚਾ ਦਰਜ ਕਰਕੇ ਸਿਵਲ ਹਸਪਤਾਲ ਮਾਨਸਾ ਦੇ ਤਿੰਨ ਮੁਲਾਜਮਾਂ ਨੂੰ ਗ੍ਰਿਫਤਾਰ ਕਰਕੇ ਪੰਜ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਜਾਰੀ ਹੈ। ਰਿਮਾਂਡ ਦੌਰਾਨ ਹੋਣ ਵਾਲੇ ਖੁਲਾਸਿਆ ਤੋਂ ਬਾਅਦ ਸਿਹਤ ਵਿਭਾਗ ਦੇ ਕਈ ਵੱਡੇ ਮਗਰਮੱਛਾਂ ਦੇ ਨਾਮ ਵੀ ਰਿਸ਼ਵਤਖੋਰੀ ਮਾਮਲੇ ‘ਚ ਆ ਸਕਦੇ ਹਨ। ਵਿਜੀਲੈਂਸ ਟੀਮ ਵੱਲੋ ਰਿਸ਼ਵਤਖੋਰੀ ਮਾਮਲੇ ਦਾ ਪਰਦਾਫਾਸ਼ ਕਰਨ ਦੇ ਸਮੇ ਤੋ ਹੀ ਸਿਵਲ ਹਸਪਤਾਲ ਮਾਨਸਾ ਦੇ ਅਧਿਕਾਰੀ ਸਮੇਤ ਕਈ ਡਾਕਟਰ ਵੀ ਸ਼ਹਿਰ ਵਿੱਚੋ ਗਾਇਬ ਦੱਸੇ ਜਾ ਰਹੇ ਹਨ।
ਭਰੋਸੇਯੋਗ ਸੂਤਰਾਂ ਦੁਆਰਾ ਇਕੱਤਰ ਜਾਣਕਾਰੀ ਅਨੁਸਾਰ ਵਿਜੀਲੈਂਸ ਰੇਂਜ ਬਠਿੰਡਾ ਦੇ ਐਸ ਐਸ ਪੀ ਪਰਮਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਟੀਮ ਵੱਲੋ ਪੁਲਿਸ ਰਿਮਾਂਡ ਤੇ ਚੱਲ ਰਹੇ ਵਿਜੇ ਕੁਮਾਰ ਲੈਬ ਟੈਕਨੀਸੀਅਨ,ਦਰਸ਼ਨ ਸਿੰਘ ਫਰਮਾਸਿਸਟ ਅਤੇ ਤੇਜਿੰਦਰਪਾਲ ਸਰਮਾ ਐਫ ਐਲ ਓ.ਤੋਂ ਪੁੱਛਗਿੱਛ ਦੇ ਨਾਲ ਨਾਲ ਰਿਸ਼ਵਤ ਮਾਮਲੇ ਨਾਲ ਜੁੜੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਮੈਡੀਕਲ ਸਟੋਰਾਂ ਦੇ ਮਾਲਕਾਂ ਤੋਂ ਰਿਸ਼ਵਤ ਲੈਣ ਦੇ ਸ਼ੰਕੇ ਅਧੀਨ ਡਰੱਗ ਇੰਸਪੈਕਟਰ ਮਾਨਸਾ ਦੇ ਦਫਤਰ ਪਾਸੋ ਰਿਕਾਰਡ ਮੰਗਵਾਇਆ ਗਿਆ ਹੈ ਅਤੇ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਇਲਾਜ ਲਈ ਸ਼ੁਰੂ ਕੀਤੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਮਰੀਜਾਂ ਨੂੰ ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫਰ ਕਰਨ ਸਮੇਂ ਰਿਸ਼ਵਤ ਲੈਣ ਦੀ  ਸ਼ੰਕਾ ਵਿੱਚ ਇਸ ਸਕੀਮ ਅਧੀਨ ਪੈਨਲ ਤੇ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਤਲਬ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਹੈ ਇਸ ਸਕੀਮ ਅਧੀਨ ਪੈਨਲ ਤੇ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕ ਅੱਜ ਆਪਣਾ ਰਿਕਾਰਡ ਲੈ ਕੇ ਵਿਜੀਲੈਂਸ ਦਫਤਰ ਮਾਨਸਾ ਅੱਗੇ ਦੇਖੇ ਗਏ, ਵਿਜੀਲੈਂਸ ਵੱਲੋ ਇਸ ਯੋਜਨਾ ਤਹਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫਰ ਕੀਤੇ ਕੇਸਾਂ ਨਾਲ ਸਬੰਧਤ ਰਿਕਾਰਡ ਵੀ ਮੰਗਵਾ ਕੇ ਕਬਜੇ ਵਿੱਚ ਲਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦਾ ਰਿਕਾਰਡ ਮੰਗਵਾ ਕੇ  ਅਧਿਕਾਰੀਆਂ ਵੱਲੋਂ ਖਰੀਦ ਕੀਤੇ ਸਾਜੋ ਸਮਾਨ ਦੇ ਸਬੰਧ ਵਿੱਚ ਵੀ ਜਾਂਚ ਸ਼ੁਰੂ ਕੀਤੀ ਹੈ ਅਤੇ ਸਿਵਲ ਹਸਪਤਾਲ ਵਿੱਚੋ ਡੋਪ ਟੈਸਟ ਕਰਵਾਉਣ ਵਾਲੇ ਲੋਕਾਂ ‘ਚੋ ਕੁਝ ਸ਼ੱਕੀ ਵਿਆਕਤੀਆਂ ਦੇ ਦੁਬਾਰਾ ਡੋਪ ਟੈਸਟ ਵੀ ਕਰਵਾਏ ਗਏ ਹਨ।ਸੂਤਰ ਦਸਦੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਰਿਸ਼ਵਤਖੋਰੀ ਮਾਮਲੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਸਿਹਤ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਵੀ ਰਿਸ਼ਵਤਖੋਰੀ ਮਾਮਲੇ ‘ਵਿਜੀਲੈਂਸ ਦੇ ਧੱਕੇ ਚੜ ਸਕਦੇ ਹਨ। ਸਿਵਲ ਹਸਪਤਾਲ ਦੇ ਮੁਲਾਜਮਾਂ ਵੱਲੋ ਲੋਕਾਂ ਤੋਂ ਰਿਸ਼ਵਤ ਲੈ ਕੇ ਫਰਜੀ ਅੰਗਹੀਣ ਸਰਟੀਫੀਕੇਟ ਜਾਰੀ ਕਰਵਾਉਣ, ਝੂਠੀਆਂ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਅਤੇ ਐਮ ਐਲ, ਆਰਜ ਵਿੱਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ ਵਿੱਚ ਬਦਲਾਵ ਕਰਨ ਦੇ ਮਾਮਲੇ ਵਿੱਚ ਪਰਚਾ ਦਰਜ ਕਰਕੇ ਤਿੰਨ ਨੂੰ ਕਾਬੂ ਕਰਨ ਸਮੇਂ ਤੋਂ ਹੀ ਹਸਪਤਾਲ ਦਾ ਅਧਿਕਾਰੀ ਤੇ ਕਈ ਡਾਕਟਰ ਸ਼ਹਿਰ ਛੱਡ ਕੇ ਫਰਾਰ ਦੱਸੇ ਜਾ ਰਹੇ ਹਨ। ਇਸ ਪੂਰੇ ਮਾਮਲੇ ਦੀ ਜਾਂਚ ਵਿਜੀਲੈਂਸ ਰੇਂਜ ਬਠਿੰਡਾ ਦੇ ਐਸ ਐਸ ਪੀ ਪਰਮਜੀਤ ਸਿੰਘ ਵਿਰਕ ਵੱਲੋ ਖੁਦ ਮਾਨਸਾ ਦਫਤਰ ਵਿਖੇ ਆ ਕੇ ਆਪਣੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ।

LEAVE A REPLY

Please enter your comment!
Please enter your name here