ਬਠਿੰਡਾ 18 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕਲੇਰ ਪਿੰਡ ਵਿੱਚ ਬਠਿੰਡਾ ਦੇ ਵਪਾਰੀ ਤੋਂ ਤੰਗ ਆ ਕੇ ਇੱਕ ਵਿਅਕਤੀ ਨੇ ਦੋ ਬੱਚਿਆਂ ਤੇ ਪਤਨੀ ‘ਤੇ ਤੇਲ ਛਿੜਕ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ ਪੀੜਤ ਨੇ ਆਪਣੇ ਬੇਟੇ-ਧੀ ਤੇ ਪਤਨੀ ਨੂੰ ਅੱਗ ਲਾਉਣ ਤੋਂ ਬਾਅਦ ਆਪਣੇ ਆਪ ਨੂੰ ਵੀ ਤੇਲ ਪਾ ਸਾੜ ਲਿਆ। ਇਸ ਘਟਨਾ ‘ਚ ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਧਰਮਪਾਲ (38) ਪਤਨੀ ਸੀਮਾ ਦੇਵੀ (36), ਧੀ ਮੀਨਾ (15) ਤੇ ਪੁੱਤਰ ਹਰਤੇਸ਼ (12) ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਹਕੀਮਾ ਪਿੰਡ ਵਾਸੀ ਵਜੋਂ ਹੋਈ ਹੈ। ਧਰਮਪਾਲ ਕੁਲੈਕਟਰ ਦੇ ਇੱਟ-ਭੱਠੇ ‘ਤੇ ਮੁੰਸ਼ੀ ਸੀ।
ਇਸ ਦੇ ਨਾਲ ਹੀ ਪੁਲਿਸ ਨੂੰ ਦੋ ਪੇਜਾਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ। ਕਮਰੇ ਦੇ ਨਜ਼ਦੀਕ ਪਏ ਡੀਜ਼ਲ ਤੇ ਲਾਸ਼ਾਂ ਨੂੰ ਵੇਖ ਅਧਿਕਾਰੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਧਰਮਪਾਲ ਨੇ ਪਹਿਲਾਂ ਪਤਨੀ ਤੇ ਬੱਚਿਆਂ ਨੂੰ ਕੁਝ ਖੁਆ ਕੇ ਬੇਹੋਸ਼ ਕੀਤਾ ਤੇ ਬਾਅਦ ਵਿਚ ਤੇਲ ਛਿੜਕ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਤੇ ਫੇਰ ਆਪ ਵੀ ਖੁਦਕੁਸ਼ੀ ਕਰ ਲਈ।
ਧਰਮਪਾਲ ਨੇ ਆਪਣੇ ਲਿੱਖੇ ਸੁਸਾਈਡ ਨੋਟ ਦੇ ਆਧਾਰ ‘ਤੇ ਇਸ ਸਾਰੀ ਘਟਨਾ ਲਈ ਬਠਿੰਡਾ ਦੇ ਇੱਕ ਵਪਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੁਸਾਈਡ ਨੋਟ ‘ਚ ਕਿਹਾ ਗਿਆ ਹੈ ਕਿ ਉਕਤ ਵਪਾਰੀ ਨੇ ਲੌਕਡਾਊਨ ਦੌਰਾਨ ਧੋਖਾਧੜੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੇਰੀ ਹਿੰਮਤ ਟੁੱਟ ਗਈ ਤੇ ਮੈਂ ਠੀਕ ਨਹੀਂ ਹੋ ਸਕਿਆ। ਇਸ ਲਈ, ਮੈਂ ਇਹ ਕਦਮ ਚੁੱਕ ਰਿਹਾ ਹਾਂ।
ਧਰਮਪਾਲ ਦੇ ਇੱਕ ਕਰੀਬੀ ਦੋਸਤ ਨੇ ਦੱਸਿਆ ਕਿ ਉਸ ਨੇ ਸਵੇਰੇ 4 ਵਜੇ ਸੁਨੇਹਾ ਭੇਜਿਆ ਸੀ ਕਿ ਉਹ ਖੁਦਕੁਸ਼ੀ ਕਰ ਰਿਹਾ ਹੈ। ਐਸਐਸਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਅਸਲ ਘਟਨਾ ਕੀ ਸੀ। ਪੁਲਿਸ ਸੁਸਾਈਡ ਨੋਟ ਦੇ ਅਧਾਰ ‘ਤੇ ਜਾਂਚ ਕਰ ਰਹੀ ਹੈ।