ਮਾਨਸਾ, 10 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਨਿਰੰਤਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਕੋਰੋਨਾ ਦੀ ਰੋਕਥਾਮ ਲਈ ਜਿੱਥੇ ਲਗਾਤਾਰ ਟੈਸਟਿੰਗ ਪ੍ਰਕਿਰਿਆ ਜਾਰੀ ਹੈ ਓਥੇ ਹੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਵੀ ਜੰਗੀ ਪੱਧਰ ‘ਤੇ ਚੱਲ ਰਹੀ ਹੈ।
ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਿਲ੍ਹੇ ਅੰਦਰ ਕੋਰੋਨਾ ਦੀ ਰੋਕਥਾਮ ਲਈ ਕਰਵਾਈ ਜਾ ਰਹੀ ਕੋਰੋਨਾ ਵੈਕਸੀਨੇਸ਼ਨ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵੱਧ ਤੋੰ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਵੈਕਸੀਨੇਸ਼ਨ ਕਰਵਾਉਣਾ ਅਤਿ ਲਾਜ਼ਮੀ ਹੈ। ਉਨ੍ਹਾਂ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ‘ਤੇ ਲਗਾਏ ਜਾ ਰਹੇ ਕੈਂਪਾਂ ਅੰਦਰ ਹੋ ਰਹੀ ਵੈਕਸੀਨੇਸ਼ਨ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਜਾਣਕਾਰੀ ਹਾਸਲ ਕੀਤੀ।
ਇਸ ਤੋੰ ਇਲਾਵਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ.ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਬੱਚਤ ਭਵਨ ਮਾਨਸਾ ਅਤੇ ਡਾ.ਹਰਦੀਪ ਸ਼ਰਮਾ ਐਸ.ਐਮ.ਓ ਖਿਆਲਾ ਕਲਾਂ ਦੀ ਰਹਿਨੁਮਾਈ ਵਿਚ ਬਲਾਕ ਖਿਆਲਾ ਕਲਾਂ ਦੇ ਸਬ ਸੈਂਟਰ ਬੁਰਜ ਹਰੀ ਵਿਖੇ ਵੀ ਕੋਰੋਨਾ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਦਿਲਰਾਜ ਕੌਰ ਸੀ.ਐਚ.ਓ ਨੇ ਕਿਹਾ ਕਿ ਵੈਕਸੀਨ ਲਗਵਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੈਕਸੀਨੇਸ਼ਨ ਕਰਵਾਉਣਾ ਲਾਜ਼ਮੀ ਹੈ, ਵੈਕਸੀਨੇਸ਼ਨ ਕਰਵਾਉਣ ਦੇ ਲਾਭ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਲਗਾਤਾਰ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।
ਇਕਬਾਲ ਸਿੰਘ ਐਮ.ਪੀ.ਐਚ.ਡਬਲਿਊ ਅਤੇ ਸਵਰਨ ਕੌਰ ਏ.ਐਨ.ਐਮ ਨੇ ਦੱਸਿਆ ਕਿ ਸਬ ਸੈਂਟਰ ਵਿਖੇ ਅੱਜ 20 ਵਿਅਕਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ, ਜਿੰਨ੍ਹਾਂ ਵਿੱਚ 4 ਫਰੰਟ ਲਾਈਨ ਵਰਕਰ ਅਤੇ 16 ਸੀਨੀਅਰ ਸਿਟੀਜ਼ਨ ਸ਼ਾਮਲ ਹਨ। ਸਰਪੰਚ ਰਾਜਪਾਲ ਸਿੰਘ ਵੱਲੋਂ ਵੈਕਸੀਨੇਸ਼ਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।