*ਲੋਕਾਂ ਦੀ ਸਹੂਲਤ ਲਈ 28 ਅਤੇ 29 ਅਕਤੂਬਰ ਨੂੰ ਲਗਾਏ ਜਾਣਗੇ ਸੁਵਿਧਾ ਕੈਂਪ: ਡਿਪਟੀ ਕਮਿਸ਼ਨਰ*

0
56

ਮਾਨਸਾ, 26 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਵੱਖ-ਵੱਖ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਲਈ 28 ਅਤੇ 29 ਅਕਤੂਬਰ ਨੂੰ ਸੁਵਿਧਾ ਕੈਂਪ ਲਗਾਉਣ ਦੀ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਇੱਛਾ ਹੈ ਕਿ ਕਿਸੇ ਵੀ ਜ਼ਰੂਰਤਮੰਦ ਨੂੰ ਬਿਨਾਂ ਕਿਸੇ ਜ਼ਰੂਰੀ ਕਾਰਨ ਦੇ ਸਰਕਾਰੀ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ ਅਤੇ ਲੋਕਾਂ ਦੇ ਹਿੱਤਾਂ ਲਈ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਨੂੰ ਇੱਕੋ ਥਾਂ ਉੱਤੇ ਕੈਂਪ ਦੇ ਰੂਪ ਵਿੱਚ ਮੁਹੱਈਆ ਕਰਵਾਈਆਂ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਜ਼ਰੂਰਤਮੰਦ ਲੋਕ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਦਫ਼ਤਰਾਂ ਦੇ ਚੱਕਰ ਦਸਤਾਵੇਜ਼ ਪੂਰੇ ਕਰਨ ਲਈ ਲਗਾਉਂਦੇ ਹਨ, ਜਿਸ ਲਈ ਉਨਾਂ ਨੂੰ ਕਈ ਵਾਰ ਤਹਿਸੀਲ ਜਾਂ ਜਿਲ੍ਹੇ ਪੱਧਰ ਦੇ ਦਫਤਰਾਂ ਵਿਚ ਆਉਣਾ ਪੈਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਸੁਵਿਧਾ ਕੈਂਪ ਲਗਾਏ ਜਾਣ ਅਤੇ ਲੋਕਾਂ ਦੇ ਘਰਾਂ ਨੇੜੇ ਪ੍ਰਬੰਧ ਕਰਕੇ ਇਕ ਹੀ ਛੱਤ ਹੇਠ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।          ਡਿਪਟੀ ਕਮਿਸ਼ਨਰ ਨੇ ਐਸਡੀਐਮ ਨੂੰ ਹਦਾਇਤ ਕੀਤੀ ਕਿ 28 ਅਤੇ 29 ਅਕਤੂਬਰ ਨੂੰ ਲਗਾਏ ਜਾਣ ਵਾਲੇ ਸੁਵਿਧਾ ਕੈਂਪਾਂ ਵਿੱਚ ਸਾਰੀਆਂ ਸਰਕਾਰੀ ਸਹੂਲਤਾਂ ਇੱਕ ਹੀ ਥਾਂ ਦੇਣ ਲਈ ਢੁਕਵੇਂ ਕਦਮ ਚੁੱਕੇ ਜਾਣ। ਉਨਾਂ ਦੱਸਿਆ ਕਿ 28 ਅਕਤੂਬਰ ਨੂੰ ਬੀ ਡੀ ਪੀ ਓ ਦਫ਼ਤਰ ਬੁਢਲਾਡਾ ਅਤੇ ਬੀ ਡੀ ਪੀ ਓ ਦਫ਼ਤਰ ਭੀਖੀ ਵਿਖੇ ਸਬ ਡਵੀਜ਼ਨ ਪੱਧਰ ਦਾ ਅਤੇ 29 ਅਕਤੂਬਰ ਨੂੰ ਬੀਡੀਪੀਓ ਦਫ਼ਤਰ ਸਰਦੂਲੇਵਾਲਾ ਵਿਚ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ 29 ਅਕਤੂਬਰ ਨੂੰ ਬੀ ਡੀ ਪੀ ਓ ਦਫ਼ਤਰ ਮਾਨਸਾ ਵਿੱਚ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਜਾਵੇਗਾ।  ਇਨਾਂ ਕੈਂਪਾਂ ਵਿਚ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ, ਬਿਜਲੀ ਬਿਲਾਂ ਦੇ ਬਕਾਇਆ ਰਾਸ਼ੀ ਦੀ ਮਆਫ਼ੀ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਿਰਤਾਂ ਨੂੰ ਪੈਨਸ਼ਨ, ਪ੍ਰਧਾਨ ਮੰਤਰੀ ਯੋਜਨਾ ਅਧੀਨ ਪੱਕਾ ਮਕਾਨ ਬਨਾਉਣ ਲਈ ਦਰਖਾਸਤ, ਘਰਾਂ ਵਿਚ ਪਖਾਨੇ, ਐਲ ਪੀ ਜੀ ਗੈਸ ਕੁਨੈਕਸ਼ਨ, ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ, ਸ਼ਗਨ ਸਕੀਮ, ਬੱਚਿਆਂ ਲਈ ਵਜੀਫੇ,  ਕਰਜ਼ਾ ਸਹੂਲਤਾਂ,  ਮਨਰੇਗਾ ਦੇ ਜਾਬ ਕਾਰਡ ਆਦਿ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੀਆਂ ਸਕੀਮਾਂ ਦੇ ਲਾਭ ਮੌਕੇ ਉਤੇ ਦਿੱਤੇ ਜਾਣਗੇ ਜਾਂ ਲਾਭ ਦੇਣ ਲਈ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾਵੇਗੀ। ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਲੱਗਣ ਵਾਲੇ ਇਨ੍ਹਾਂ ਕੈਂਪਾਂ ਦਾ ਲਾਭ ਜ਼ਰੂਰ ਲੈਣ।

LEAVE A REPLY

Please enter your comment!
Please enter your name here