
*ਮਾਨਸਾ, 28 ਜਨਵਰੀ (ਸਾਰਾ ਯਹਾਂ /ਜੋਨੀ ਜਿੰਦਲ): ਔਰਤਾਂ ਨੂੰ ਸਮਰੱਥ ਬਣਾਉਣ ਲਈ ਕੀਤੇ ਗਏ ਵਿਲੱਖਣ ਕਾਰਜਾਂ ਨੂੰ ਮਾਨਤਾ ਦੇਣ ਲਈ ਉਲੀਕੇ ਰਾਸ਼ਟਰੀ ਪੁਰਸਕਾਰ (ਨਾਰੀ ਸ਼ਕਤੀ ਪੁਰਸਕਾਰ-2020) ਲਈ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਔਰਤਾਂ ਅਤੇ ਬਾਲ ਵਿਕਾਸ ਮੰਤਰਾਲੇ ਨੇ ਭਾਰਤ ਵਿੱਚ ਔਰਤਾਂ ਲਈ ਸਭ ਤੋਂ ਸਰਬੋਤਮ ਨਾਗਰਿਕ ਸਨਮਾਨ ‘ਨਾਰੀ ਸ਼ਕਤੀ ਪੁਰਸਕਾਰ-2020’ ਲਈ ਨਾਮਜ਼ਦਗੀਆਂ ਮੰਗੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਔਰਤਾਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੇ ਹਨ ਅਤੇ ਸਮਾਜ ਵਿੱਚ ਔਰਤਾਂ ਦੀ ਉੱਨਤੀ ਅਤੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8 ਮਾਰਚ, 2021 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰੀਬ 15 ਸ਼ਖ਼ਸੀਅਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
ਯੋਗਤਾ ਮਾਪਦੰਡਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਔਰਤਾਂ ਦੇ ਸਸ਼ਕਤੀਕਰਨ ਵੱਲ ਵਧੀਆ ਕੰਮ ਕਰਨ ਵਾਲੇ ਵਿਅਕਤੀ ਵਿਸ਼ੇਸ਼, ਸਮੂਹਾਂ ਅਤੇ ਸੰਸਥਾਵਾਂ ਪੁਰਸਕਾਰ ਵਾਸਤੇ ਬਿਨੈ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਅਕਤੀਗਤ ਵਰਗ ਲਈ ਬਿਨੈਕਾਰ ਦੀ ਉਮਰ ਘੱਟੋ-ਘੱਟ 25 ਸਾਲ ਹੋਣੀ ਚਾਹੀਦੀ ਹੈ। ਸੰਸਥਾਵਾਂ ਨੂੰ ਘੱਟੋ-ਘੱਟ ਪੰਜ ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਲੋੜੀਂਦੇ ਦਸਤਾਵੇਜ਼ਾਂ ਸਮੇਤ ਨਾਮਜ਼ਦਗੀਆਂ/ਅਰਜ਼ੀਆਂ ਸਿਰਫ਼ www.narishaktipuruskar.wcd.gov.in ‘ਤੇ ਹੀ ਦਿੱਤੀਆਂ ਜਾ ਸਕਦੀਆਂ ਹਨ ਅਤੇ ਕਿਸੇ ਹੋਰ ਤਰੀਕੇ ਨਾਲ ਭੇਜੀ ਅਰਜ਼ੀ/ਨਾਮਜ਼ਦਗੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਨਾਮਜ਼ਦਗੀਆਂ/ਅਰਜ਼ੀਆਂ ਭੇਜਣ ਦੀ ਆਖ਼ਰੀ ਤਰੀਕ 31 ਜਨਵਰੀ, 2021 ਹੈ। ਉਨ੍ਹਾਂ ਦੱਸਿਆ ਕਿ ਪੁਰਸਕਾਰ ਸਬੰਧੀ ਦਿਸ਼ਾ-ਨਿਰਦੇਸ਼ ਅਤੇ ਬਿਨੈ ਪੱਤਰ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
