ਰਾਣਾ ਸੋਢੀ ਨੇ ਆਈ.ਆਈ.ਐਮ. ਦੇ ਵਿਦਿਆਰਥੀਆਂ ਨੂੰ ਖੇਡ ਮੈਨੇਜਮੈਂਟ ਦੇ ਹੁਨਰ ਸਿਖਾਏ

0
9

ਚੰਡੀਗੜ੍ਹ, 21 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ):: ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਈ.ਆਈ.ਐਮ. ਰੋਹਤਕ ਵਿੱਚ ਦੋ ਸਾਲਾ ਖੇਡ ਮੈਨੇਜਮੈਂਟ ਪੋਸਟ ਗਰੈਜੂਏਟ ਡਿਪਲੋਮਾ ਕੋਰਸ ਵਿੱਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਅੱਜ ਖੇਡ ਮੈਨੇਜਮੈਂਟ ਦੇ ਹੁਨਰ ਸਿਖਾਏ।
ਸਾਬਕਾ ਭਾਰਤੀ ਕ੍ਰਿਕਟਰ ਅਤੁਲ ਵਾਸਨ, ਸੇਵਾਮੁਕਤ ਭਾਰਤੀ ਵੇਟਲਿਫ਼ਟਰ ਕਰਨਮ ਮਲੇਸ਼ਵਰੀ ਤੇ ਹੋਰ ਪ੍ਰਮੁੱਖ ਹਸਤੀਆਂ ਦੀ ਹਾਜ਼ਰੀ ਵਿੱਚ ਇਸ ਉਦਘਾਟਨੀ ਸਮਾਰੋਹ ਨੂੰ ਆਨਲਾਈਨ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਖਿਡਾਰੀਆਂ ਦੇ ਸਮੁੱਚੇ ਪ੍ਰਦਰਸ਼ਨ ਤੇ ਉਨ੍ਹਾਂ ਨੂੰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਤਿਆਰ ਰੱਖਣ ਵਿੱਚ ਖੇਡ ਮੈਨੇਜਰਾਂ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਰੇਕ ਖੇਤਰ ਵਿੱਚ ਆਲਮੀ ਪੱਧਰ ਦੇ ਮੈਨੇਜਰ ਤਿਆਰ ਕਰਨ ਵਿੱਚ ਆਈ.ਆਈ.ਐਮਜ਼. ਦੀ ਭੂਮਿਕਾ ਬਹੁਤ ਅਹਿਮ ਹੈ ਪਰ ਖੇਡ ਮੈਨੇਜਮੈਂਟ ਦੇ ਖੇਤਰ ਵਿੱਚ ਮਿਆਰੀ ਮੈਨੇਜਰ ਤਿਆਰ ਕਰਨ ਵਿੱਚ ਇਨ੍ਹਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਕਾਫ਼ੀ ਮਹੱਤਵਪੂਰਨ ਹੈ।
ਰਾਣਾ ਸੋਢੀ ਨੇ ਕਿਹਾ ਕਿ ਖੇਡ ਸਨਅਤ ਨੇ ਦੁਨੀਆ ਭਰ ਵਿੱਚ ਲਾਮਿਸਾਲ ਤਰੱਕੀ ਦਰਜ ਕੀਤੀ ਹੈ ਅਤੇ ਕਈ ਮੁਲਕਾਂ ਵਿੱਚ ਇਹ ਸਮੁੱਚੇ ਖੇਤਰ ਵਿੱਚ ਸਫ਼ਲਤਾਪੂਰਵਕ ਤਬਦੀਲ ਹੋ ਚੁੱਕਾ ਹੈ। ਜ਼ਿਆਦਾ ਮੰਗ ਕਾਰਨ ਇਸ ਸਨਅਤ ਦਾ ਹੁਣ ਕਈ ਵਰਗਾਂ ਵਿੱਚ ਵਿਸਤਾਰ ਹੋਇਆ ਹੈ ਅਤੇ ਇਸ ਵਿੱਚ ਵੱਡੇ ਪੱਧਰ ਉਤੇ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਕਈ ਉਸਾਰੂ ਸੰਕੇਤਾਂ ਨਾਲ ਖੇਡਾਂ ਯਕੀਨੀ ਤੌਰ ਉਤੇ ਵਿਹਲੇ ਸਮੇਂ ਦੀ ਗਤੀਵਿਧੀ ਵਾਲੀ ਆਪਣੀ ਰਵਾਇਤੀ ਦਿੱਖ ਤੋਂ ਬਾਹਰ ਨਿਕਲੀਆਂ ਹਨ ਅਤੇ ਇਹ ਹੁਣ ਅਹਿਮ ਵਪਾਰਕ ਗਤੀਵਿਧੀ ਬਣ ਚੁੱਕੀ ਹੈ, ਜਿਸ ਵਿੱਚ ਮਨੋਰੰਜਨ, ਮੀਡੀਆ, ਮੈਨੂਫੈਕਚਰਿੰਗ ਤੇ ਮੈਨੇਜਮੈਂਟ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।
ਖੇਡ ਮੰਤਰੀ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਨਾਲ ਭਾਰਤ ਵਿੱਚ ਖੇਡ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ, ਜਿਸ ਦੀ ਝਲਕ ਬਾਅਦ ਵਿੱਚ ਪ੍ਰੋ. ਕਬੱਡੀ ਲੀਗ, ਇੰਡੀਅਨ ਹਾਕੀ ਲੀਗ, ਇੰਡੀਅਨ ਸਪੋਰਟਸ ਲੀਗ ਤੇ ਹੋਰ ਖੇਡ ਮੁਕਾਬਲਿਆਂ ਵਿੱਚ ਵੀ ਦੇਖਣ ਨੂੰ ਮਿਲੀ। ਇਨ੍ਹਾਂ ਸਾਰੇ ਮੁਕਾਬਲਿਆਂ ਨਾਲ ਹੁਨਰਮੰਦ ਤੇ ਸਿੱਖਿਅਤ ਪੇਸ਼ੇਵਰ ਮੈਨੇਜਰਾਂ ਦੀ ਮੰਗ ਵਧੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਭਾਵੇਂ ਭਾਰਤ ਵਿੱਚ ਕਈ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ ਪਰ ਪੇਸ਼ੇਵਰ ਖੇਡ ਮੈਨੇਜਰ ਪੈਦਾ ਕਰਨ ਲਈ ਅਕਾਦਮਿਕ ਖੇਤਰ ਵਿੱਚ ਬਹੁਤ ਥੋੜੀਆਂ ਕੋਸ਼ਿਸ਼ਾਂ ਹੋਈਆਂ। ਇਸ ਲਈ ਅਕਾਦਮਿਕ ਸੰਸਥਾਵਾਂ ਨੂੰ ਅਜਿਹਾ ਪਾਠਕ੍ਰਮ ਤੇ ਹੋਰ ਕੋਰਸ ਜ਼ਰੂਰ ਸ਼ੁਰੂ ਕਰਨੇ ਚਾਹੀਦੇ ਹਨ, ਜਿਸ ਨਾਲ ਉਤਸ਼ਾਹੀ ਨੌਜਵਾਨ ਖੇਡ ਮੈਨੇਜਮੈਂਟ ਨੂੰ ਕਰੀਅਰ ਵਜੋਂ ਅਪਨਾਉਣ ਅਤੇ ਆਈ.ਆਈ.ਐਮ. ਰੋਹਤਕ ਇਸ ਗੱਲੋਂ ਵਧਾਈ ਦੀ ਹੱਕਦਾਰ ਹੈ ਕਿ ਉਸ ਨੇ ਅਜਿਹੇ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ।
ਕੈਬਨਿਟ ਮੰਤਰੀ ਨੇ ਉਮੀਦ ਜਤਾਈ ਕਿ ਇਹ ਕੋਰਸ ਸ਼ੁਰੂ ਹੋਣ ਨਾਲ ਉੱਭਰਦੇ ਖਿਡਾਰੀਆਂ ਨੂੰ ਆਪਣੇ ਹੁਨਰ ਨੂੰ ਤਰਾਸ਼ ਕੇ ਵੱਧ ਤੋਂ ਵੱਧ ਨਾਮਣਾ ਖੱਟਣ ਵਿੱਚ ਮਦਦ ਮਿਲੇਗੀ।  ਉਨ੍ਹਾਂ ਕਿਹਾ ਕਿ ਖੇਡ ਮੰਤਰੀ ਵਜੋਂ ਮੈਨੂੰ ਇਹ ਦੇਖ ਕੇ ਬੇਹੱਦ ਖ਼ੁਸ਼ੀ ਮਹਿਸੂਸ ਹੁੰਦੀ ਹੈ ਕਿ ਹਰਿਆਣਾ ਦੀਆਂ ਔਰਤਾਂ ਪਰਦੇ ਪਿੱਛੋਂ ਨਿਕਲ ਕੇ ਖੇਡ ਖੇਤਰ ਵਿੱਚ ਸੂਬੇ ਲਈ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਫੋਗਾਟ ਭੈਣਾਂ ਦਾ ਖ਼ਾਸ ਤੌਰ ਉਤੇ ਜ਼ਿਕਰ ਕੀਤਾ, ਜਿਨ੍ਹਾਂ ਸਿਰਫ਼ ਪੁਰਸ਼ਾਂ ਲਈ ਰਾਖਵੇਂ ਮੰਨੇ ਜਾਂਦੇ ਭਲਵਾਨੀ ਵਰਗੇ ਖੇਤਰ ਵਿੱਚ ਮਿੱਥ ਨੂੰ ਤੋੜਦਿਆਂ ਕੌਮਾਂਤਰੀ ਮੁਕਾਬਲਿਆਂ ਵਿੱਚ ਹਰਿਆਣਾ ਦਾ ਨਾਮ ਚਮਕਾਇਆ। ਉਨ੍ਹਾਂ ਕਿਹਾ ਕਿ ਇਸ ਖੇਡ ਮੈਨੇਜਮੈਂਟ ਕੋਰਸ ਨਾਲ ਖੇਡ ਭਾਈਚਾਰੇ ਅਤੇ ਉੱਭਰਦੇ ਖਿਡਾਰੀਆਂ ਨੂੰ ਨਵਾਂ ਉਤਸ਼ਾਹ ਤੇ ਪ੍ਰੇਰਨਾ ਮਿਲੇਗੀ।————   

LEAVE A REPLY

Please enter your comment!
Please enter your name here