
ਚੰਡੀਗੜ੍ਹ, 2 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੀਆਂ ਅਸਪਸ਼ਟ ਨੀਤੀਆਂ ਦੇ ਨਤੀਜੇ ਭੁਗਤ ਰਹੇ ਨੌਜਵਾਨਾਂ ਨੂੰ ਹਰ ਸੰਭਵ ਰਾਹਤ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੇ ਮੱਦੇਨਜ਼ਰ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਗੈਸਟ ਫੈਕਲਟੀ ਵਜੋਂ ਕੰਮ ਕਰ ਰਹੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ।
ਇੱਥੇ ਵਿੱਤ ਮੰਤਰੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਸਰਕਾਰ ਦੀ ਪੁਰਜ਼ੋਰ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਵੀ ਸਰਕਾਰ ਬਿਨਾਂ ਇਹ ਉਡੀਕ ਕੀਤਿਆਂ ਕਿ ਮੁਲਾਜ਼ਮ ਜਥੇਬੰਦੀਆਂ ਹੜਤਾਲ ਜਾਂ ਵਿਰੋਧ ਕਰਨ, ਉਨ੍ਹਾਂ ਨੂੰ ਮਸਲਿਆਂ ਦੇ ਹੱਲ ਲਈ ਸੱਦਾ ਦੇ ਰਹੀ ਹੈ।
ਸੇਵਾਵਾਂ ਨੂੰ ਰੈਗੂਲਰ ਕਰਨ ਅਤੇ ਤਨਖ਼ਾਹ ਦੇ ਮੁੱਦੇ ‘ਤੇ ਚਰਚਾ ਕਰਦਿਆਂ ਦੋਵਾਂ ਮੰਤਰੀਆਂ ਨੇ ਕਾਲਜ ਟੀਚਰ ਯੂਨੀਅਨਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਅਜਿਹਾ ਰਾਹ ਅਪਣਾਇਆ ਜਾ ਸਕੇ ਜਿਸ ਨੂੰ ਕਿਸੇ ਕਾਨੂੰਨੀ ਅੜਚਨ ਦਾ ਸਾਹਮਣਾ ਨਾ ਕਰਨਾ ਪਵੇ। ਉਚੇਰੀ ਸਿੱਖਿਆ ਮੰਤਰੀ ਵੱਲੋਂ ਇਨ੍ਹਾਂ ਅਧਿਆਪਕਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ‘ਤੇ ਵਿੱਤ ਮੰਤਰੀ ਨੇ ਕਿਹਾ ਕਿ ਵਿੱਤ ਵਿਭਾਗ ਸੂਬੇ ਦੇ ਔਖੇ ਵਿੱਤੀ ਦੌਰ ਦਾ ਸਾਹਮਣਾ ਕਰਨ ਦੇ ਬਾਵਜੂਦ ਹਰ ਸੰਭਵ ਹੱਲ ਲਈ ਯਤਨਸ਼ੀਲ ਹੈ।
ਸ. ਚੀਮਾ ਨੇ ਯੂਨੀਅਨ ਆਗੂਆਂ ਨੂੰ ਅਪੀਲ ਕੀਤੀ ਕਿ ਜਿੱਥੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ, ਉੱਥੇ ਯੂਨੀਅਨ ਆਗੂਆਂ ਨੂੰ ਵੀ ਆਪਣੇ ਸਾਥੀ ਅਧਿਆਪਕਾਂ ਨਾਲ ਆਪਸੀ ਸਹਿਮਤੀ ਬਣਾ ਕੇ ਹੱਲ ਸੁਝਾ ਕੇ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਜਸਪ੍ਰੀਤ ਤਲਵਾੜ, ਸਕੱਤਰ ਵਿੱਤ ਗੁਰਪ੍ਰੀਤ ਕੌਰ ਸਪਰਾ, ਵਿਸ਼ੇਸ਼ ਸਕੱਤਰ ਵਿੱਤ ਮੋਹਿਤ ਤਿਵਾੜੀ, ਡੀਪੀਆਈ ਕਾਲਜ ਰਾਜੀਵ ਗੁਪਤਾ ਵੀ ਹਾਜ਼ਰ ਸਨ।
