*ਮੂਸੇਵਾਲਾ ਦੇ ਪਿਤਾ ਬੋਲੇ- ‘ਗੋਲਡੀ ਤੇ ਲਾਰੈਂਸ ਨੂੰ ਫਾਂਸੀ ਦੇਣ ‘ਤੇ ਮਿਲੇਗੀ ਸਿੱਧੂ ਦੀ ਆਤਮਾ ਨੂੰ ਸ਼ਾਂਤੀ’*

0
32

ਮਾਨਸਾ, 12 ਸਤੰਬਰ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਰਦ ਆਪਣੇ ਪੁੱਤ ਦੀ ਹੋਈ ਮੌਤ ਨੂੰ ਲੈ ਕੇ ਛਲਕ ਪਿਆ । ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦਾ ਗਮ ਸੀਨੇ ਵਿੱਚ ਲੈ ਕੇ ਇਨਸਾਫ ਦੀ ਲਗਾਤਾਰ ਗੁਹਾਰ ਲਾ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰਾਂ ਨੇ ਬਿਨਾਂ ਕਿਸੇ ਕਸੂਰ ਦੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਪੁੱਤ ਨੂੰ ਖੋਹ ਲਿਆ ।ਇਨ੍ਹਾਂ ਗੈਂਗਸਟਰਾਂ ਨੂੰ ਸਜ਼ਾ ਦੇਣ ਦੀ ਬਜਾਏ ਸਰਕਾਰ ਸੁਰੱਖਿਆ ਦੇ ਰਹੀ ਹੈ। ਦੀਪਕ ਮੁੰਡੀ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਕੋਈ ਵੱਡੀ ਗੱਲ ਨਹੀਂ ਹੈ। ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਜ਼ਿਸ਼ਕਰਤਾ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਗੈਂਗਸਟਰਾਂ ਦੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ, ਭਾਵੇਂ ਉਨ੍ਹਾਂ ਨੂੰ ਗੋਲੀ ਨਾਲ ਮਰਨਾ ਹੀ ਕਿਉਂ ਨਾ ਪਏ।

ਪਿੰਡ ਮੂਸੇ ਵਿਖੇ ਮਿਲਣ ਆਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਗੈਂਗਸਟਰ ਕਾਨੂੰਨ ਦਾ ਪੇਚ ਸਮਝ ਚੁੱਕੇ ਹਨ, ਉਨ੍ਹਾਂ ‘ਤੇ 100-100 ਕੇਸ ਦਰਜ ਹਨ। ਉਹ ਖਰੀਦੇ ਗਏ ਗੁਰਗਿਆਂ ਦਾ ਇਸਤੇਮਾਲ ਕਰਕੇ ਖੁਦ ਕਾਨੂੰਨ ਦੇ ਦਾਅ-ਪੇਚ ਤੋਂ ਬਚ ਜਾਂਦੇ ਹਨ। ਅੱਜ ਤੱਕ ਕਿਸੇ ਗੈਂਗਸਟਰ ਨੂੰ ਸਜ਼ਾ ਨਹੀਂ ਹੋਈ। ਕਤਲ ਕਰਨਾ, ਧਮਕੀਆਂ ਦੇਣਾ ਅਤੇ ਫਿਰੌਤੀ ਮੰਗਣਾ ਇਨ੍ਹਾਂ ਦਾ ਧੰਦਾ ਬਣ ਗਿਆ ਹੈ ਅਤੇ ਆਮ ਲੋਕਾਂ ਵਿੱਚ ਡਰ ਪੈਦਾ ਕਰਕੇ ਉਹ ਸਰਕਾਰਾਂ ਦੇ ਬਰਾਬਰ ਆਪਣੀਆਂ ਸਰਕਾਰਾਂ ਚਲਾ ਰਹੇ ਹਨ।

ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਦੱਸੇ ਕਿ ਜ਼ੁਲਮ ਦੀਆਂ ਹੱਦਾਂ ਪਾਰ ਕਰਨ ਵਾਲੇ ਇਨ੍ਹਾਂ ਗੈਂਗਸਟਰਾਂ ਨੂੰ ਇੰਨੀ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ ? ਉਹ ਚਾਹੁੰਦੇ ਹਨ ਕਿ ਉਹ ਵੀ ਗੈਂਗਸਟਰਾਂ ਦੀਆਂ ਗੋਲੀਆਂ ਨਾਲ ਮਰ ਜਾਣ ਪਰ ਉਨ੍ਹਾਂ ਦੀਆਂ ਧਮਕੀਆਂ ਅੱਗੇ ਨਹੀਂ ਝੁਕਣਗੇ। ਉਨ੍ਹਾਂ ਕਿਹਾ ਕਿ ਮੈਂ ਉਦੋਂ ਤੱਕ ਨਹੀਂ ਬੈਠਾਂਗਾ ਜਦੋਂ ਤੱਕ ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਤੇ ਪੰਜਾਬ ਤੋਂ ਗੈਂਗਸਟਰ ਕਲਚਰ ਖਤਮ ਨਹੀਂ ਹੋ ਜਾਂਦਾ।

ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਵਿੱਚ ਗੁੰਡਿਆਂ ਅਤੇ ਸਰਕਾਰਾਂ ਦਾ ਗਠਜੋੜ ਹੈ, ਉਦੋਂ ਹੀ ਲਾਰੈਂਸ ਅਤੇ ਜੱਗੂ ਦੇ ਡਰ ਕਾਰਨ ਅੱਜ ਤੱਕ ਕੋਈ ਵੀ ਮੰਤਰੀ ਇਨ੍ਹਾਂ ਵਿਰੁੱਧ ਬਿਆਨ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਹੈ ਕਿ ਜਦੋਂ ਮਾਨਸਾ ਪੁਲਿਸ ਨੇਪਾਲ ਬਾਰਡਰ ਤੋਂ ਦੀਪਕ ਮੁੰਡੀ ਨੂੰ ਲੈ ਕੇ ਆਈ ਹੈ ਤਾਂ ਵਿਦੇਸ਼ਾਂ ‘ਚ ਬੈਠਾ ਗੈਂਗਸਟਰ ਗੋਲਡੀ ਬਰਾੜ ਡੀਜੀਪੀ ਅਤੇ ਜੇਲ੍ਹ ਮੰਤਰੀ ਨੂੰ ਹਦਾਇਤਾਂ ਦੇ ਰਿਹਾ ਹੈ ਕਿ ਇਨ੍ਹਾਂ ਗੈਂਗਸਟਰਾਂ ਨੂੰ ਕੁਝ ਨਾ ਕਿਹਾ ਜਾਏ।

ਬਲਕੌਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਥੋੜ੍ਹਾ ਸਮਾਂ ਹੋਰ ਦਿੰਦੇ ਹਨ। ਜੇ ਫਿਰ ਵੀ ਗੱਲ ਨਾ ਬਣੀ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋ ਜਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਪੈਦਾ ਕਰਨ ਵਾਲੇ ਅਤੇ ਲੋਕਾਂ ਦੇ ਪੁੱਤਾਂ ਦੇ ਕਾਤਲ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।

LEAVE A REPLY

Please enter your comment!
Please enter your name here