ਮੁੱਖ ਮੰਤਰੀ ਵੱਲੋਂ ਸਮਾਰਟ ਸਿਟੀ ਤੇ ਅਮਰੁਤ ਸਕੀਮਾਂ ਤਹਿਤ 1087 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਆਗਾਜ਼

0
6

ਮਾਨਸਾ, 22 ਫਰਵਰੀ  (ਸਾਰਾ ਯਹਾ /ਮੁੱਖ ਸੰਪਾਦਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟ ਸਿਟੀ ਅਤੇ ਅਮਰੁਤ ਯੋਜਨਾਵਾਂ ਤਹਿਤ ਸ਼ਹਿਰੀ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ 1087 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਵਰਚੁਅਲ ਤੌਰ ‘ਤੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਕੀਤਾ।  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਅਤੇ ਯੂਥ ਆਗੂ ਸ੍ਰੀ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕੀਤੀ। 
ਸ਼ਹਿਰੀ ਬੁਨਿਆਦੀ ਢਾਂਚਾ ਸੁਧਾਰ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪਣੇ ਪਹਿਲੇ ਪੜਾਅ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ 2065 ਕਾਰਜ ਸ਼ੁਰੂ/ਮੁਕੰਮਲ ਕੀਤੇ ਗਏ ਜਦੋਂ ਕਿ ਦੂਜੇ ਪੜਾਅ ਅਧੀਨ 4227 ਕਾਰਜ ਪ੍ਰਵਾਨ ਕੀਤੇ ਗਏ ਅਤੇ 1300 ਕਾਰਜ ਸ਼ੁਰੂ ਕੀਤੇ ਗਏ।ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਸੁਲਤਾਨਪੁਰ ਲੋਧੀ ਵਿੱਚ ਸਮਾਰਟ ਸਿਟੀ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁੱਲ 3000 ਕਰੋੜ ਰੁਪਏ ਦੀ ਕੁੱਲ ਵਿਵਸਥਾ ਵਿੱਚੋਂ ਇਸ ਯੋਜਨਾ ਅਧੀਨ 1246 ਕਰੋੜ ਰੁਪਏ ਦੀ ਲਾਗਤ ਨਾਲ ਕਾਰਜ ਸ਼ੁਰੂ/ਮੁਕੰਮਲ ਕੀਤੇ ਗਏ। 918 ਕਰੋੜ ਰੁਪਏ ਦੀ ਲਾਗਤ ਦੇ ਕਾਰਜਾਂ ਲਈ ਟੈਂਡਰ ਮੰਗੇ ਗਏ ਹਨ ਅਤੇ 802 ਕਰੋੜ ਰੁਪਏ ਦੇ ਟੈਂਡਰ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅਮਰੁਤ ਯੋਜਨਾ ਤਹਿਤ 16 ਸ਼ਹਿਰਾਂ ਲਈ 2785 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਹਨ ਅਤੇ 2740 ਕਰੋੜ ਰੁਪਏ ਦੇ ਪ੍ਰਾਜੈਕਟਾਂ ਉਤੇ ਕੰਮ ਜਾਰੀ ਹੈ।  ਉਨ੍ਹਾਂ ਕਿਹਾ ਕਿ ਸਕੀਮਾਂ ਦਾ ਉਦੇਸ਼ 100 ਫੀਸਦੀ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ ਅਤੇ ਹੁਣ ਤੱਕ 1072 ਕਿਲੋਮੀਟਰ ਜਲ ਸਪਲਾਈ ਲਾਈਨ ਅਤੇ 698 ਕਿਲੋਮੀਟਰ ਸੀਵਰੇਜ ਲਾਈਨ ਪਾਉਣ ਤੋਂ ਇਲਾਵਾ 69,304 ਘਰੇਲੂ ਜਲ ਸਪਲਾਈ ਅਤੇ 43,611 ਘਰੇਲੂ ਸੀਵਰੇਜ ਕੁਨੈਕਸ਼ਨ ਦਿੱਤੇ ਗਏ ਹਨ।ਮੁੱਖ ਮੰਤਰੀ ਵੱਲੋਂ ਬਰਨਾਲਾ ਵਿਖੇ 105.63 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ 100 ਫੀਸਦੀ ਕਵਰੇਜ ਲਈ ਸੀਵਰੇਜ ਨੈਟਵਰਕ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵਿਸਥਾਰ ਅਤੇ ਪੁਨਰਸਥਾਪਨ, 5740 ਘਰੇਲੂ ਸੀਵਰੇਜ ਕੁਨੈਕਸ਼ਨਾਂ ਅਤੇ 20 ਐਮ.ਐਲ.ਡੀ. ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ 74 ਕਿਲੋਮੀਟਰ ਸੀਵਰੇਜ ਲਾਈਨ ਪਾਉਣਾ ਸ਼ਾਮਲ ਹੈ। ਪਵਿੱਤਰ ਨਗਰੀ ਅੰਮ੍ਰਿਤਸਰ ਲਈ 20.50 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਅੱਗ ਬੁਝਾਊ ਸੇਵਾਵਾਂ ਦੀ ਅਪਗ੍ਰੇਡੇਸ਼ਨ, ਠੋਸ ਕੂੜਾ-ਕਰਕਟ ਪ੍ਰਬੰਧਨ ਸਹੂਲਤਾਂ ਅਤੇ ਪਾਰਕਾਂ ਅਤੇ ਖੁੱਲ੍ਹੀਆਂ ਥਾਵਾਂ ਦਾ ਵਿਕਾਸ ਸ਼ਾਮਲ ਹੈ ਜਦੋਂ ਕਿ ਖੰਨਾ ਵਿਖੇ25.16ਕਰੋੜ ਰੁਪਏ ਦੀ ਲਾਗਤ ਨਾਲ 29 ਐਮ.ਐਲ.ਡੀ ਸਮਰੱਥਾ ਵਾਲੇ ਐਸ.ਟੀ.ਪੀ. ਦਾ ਉਦਘਾਟਨ ਵੀ ਕੀਤਾ ਗਿਆ।ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ 24X7 ਨਹਿਰੀ ਜਲ ਸਪਲਾਈ ਯੋਜਨਾ ਲਈ 721.85 ਕਰੋੜ ਰੁਪਏ ਦੇ ਕਾਰਜਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਮੁੱਖ ਕੇਂਦਰ ਸੁਲਤਾਨਪੁਰ ਲੋਧੀ ਸ਼ਹਿਰ ਲਈ 129.33 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਵੀ ਵਰਚੁਅਲ ਤੌਰ ‘ਤੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ਜਿਸ ਵਿੱਚ ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਤੱਕ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨਾ, ਪਵਿੱਤਰ ਵੇਈਂ ਦੀ ਚੈਨੇਲਾਈਜੇਸ਼ਨ ਅਤੇ ਖੁੱਲ੍ਹੀਆਂ ਥਾਵਾਂ ਦਾ ਨਿਰਮਾਣ, ਕਪੂਰਥਲਾ ਰੋਡ ਵਾਇਆ ਫੱਤੂ ਢੀਂਗਾ ਨੂੰ ਚਹੁੰ-ਮਾਰਗੀ ਕਰਨਾ, ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਨਿਰਮਾਣ, ਅੱਗ ਬੁਝਾਊ ਸੇਵਾਵਾਂ ਦੀ ਮਜ਼ਬੂਤੀ, ਮੋਰੀ ਮੁਹੱਲਾ ਪਾਰਕ, ਕੇਂਦਰੀ ਪਾਰਕ ਅਤੇ ਜਵਾਲਾ ਪਾਰਕ ਨਾਮੀ ਤਿੰਨ ਪਾਰਕਾਂ ਦਾ ਵਿਕਾਸ ਕਰਨਾ ਸ਼ਾਮਲ ਹੈ।ਇਸੇ ਤਰ੍ਹਾਂ ਜਲੰਧਰ (41 ਕਰੋੜ ਰੁਪਏ) ਵਿਖੇ ਵੱਖ-ਵੱਖ ਕਾਰਜਾਂ ਜਿਵੇਂ ਬਸਤੀ ਪੀਰ ਦਾਦ ਵਿਖੇ 15 ਐਮ.ਐਲ.ਡੀ. ਐਸ.ਟੀ.ਪੀ., ਜਲੰਧਰ ਰੇਲਵੇ ਸਟੇਸ਼ਨ ਦਾ ਨਵੀਨੀਕਰਨ, ਰੌਣਕ ਬਾਜ਼ਾਰ ਦੀ ਬਿਜਲੀ ਲਾਈਨ ਵੰਡ ਪ੍ਰਣਾਲੀ ਦੀ ਅਪਗ੍ਰੇਡੇਸ਼ਨ, ਗਦਾਈਪੁਰ ਵਿਖੇ 5 ਸਾਲਾਂ ਲਈ ਚਲਾਉਣ ਅਤੇ ਸਾਂਭ-ਸੰਭਾਲ (ਓ ਐਂਡ ਐਮ) ਦੇ ਤਹਿਤ ਨਾਲ ਵੇਸਟ ਪ੍ਰੋਸੈਸਿੰਗ ਪਲਾਂਟ, ਅਰਬਨ ਅਸਟੇਟ ਫੇਜ਼-2 ਵਿੱਚ ਨਵੀਂ ਸੜਕ ਅਤੇ ਮੌਜੂਦਾ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਡਿਜੀਟਲਾਈਜੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਲੁਧਿਆਣਾ ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਮਿਉਂਸਪਲ ਕੰਟਰੋਲ ਸੈਂਟਰ ਦੀ ਸਥਾਪਨਾ, ਸ਼ਹਿਰ ਲਈ ਇੱਕ ਏਕੀਕ੍ਰਿਤ ਕਮਾਂਡ ਅਤੇ ਨਿਗਰਾਨ ਕੇਂਦਰ ਅਤੇ ਮਿੰਨੀ ਰੋਜ਼ ਗਾਰਡਨ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਸਬੰਧੀ ਟੈਂਡਰ ਮੰਗੇ ਗਏ ਹਨ।ਇਹ ਸਮਾਗਮ ਸੂਬਾ ਭਰ ਵਿੱਚ 900 ਥਾਵਾਂ ‘ਤੇ ਵੀ ਆਨਲਾਈਨ ਮਾਧਿਅਮ ਰਾਹੀਂ ਹੋਇਆ ।

LEAVE A REPLY

Please enter your comment!
Please enter your name here