Unlock 5 : ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲੌਕਡਾਊਨ ਖਤਮ ਕਰਨ ਦੇ ਆਦੇਸ਼ ਹੋਰ ਬਹੁਤ ਸਾਰੇ ਨਿਯਮ ਬਦਲ ਗਏ…!!

0
348

ਚੰਡੀਗੜ, 1 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) : ਕੋਵਿਡ ਕੇਸਾਂ ਅਤੇ ਮੌਤ ਦਰ ਵਿੱਚ ਕਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਸਾਰੀਆਂ ਛੋਟਾਂ ਦੇ ਆਦੇਸ਼ ਦਿੱਤੇ ਜਿਨਾਂ ਵਿੱਚ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲੌਕਡਾਊਨ ਖਤਮ ਕਰਨਾ ਸ਼ਾਮਲ ਹੈ। ਇਸ ਦੇ ਨਾਲ ਡੀ.ਜੀ.ਪੀ. ਨੂੰ ਮਾਸਕ ਪਹਿਨਣ ਅਤੇ ਹੋਰ ਸੁਰੱਖਿਆ ਇਹਤਿਆਤ ਦੀ ਪਾਲਣਾ ਯਕੀਨੀ ਬਣਾਉਣ ਦੇ ਵੀ ਆਦੇਸ਼ ਦਿੱਤੇ ਹਨ।
ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੀਤੀਆਂ ਛੋਟਾਂ ਦੇ ਐਲਾਨ ਵਿੱਚ ਸੂਬੇ ਵਿੱਚ ਵਿਆਹ ਤੇ ਸਸਕਾਰ ਮੌਕੇ ਵਿਅਕਤੀਆਂ ਦੀ ਹੱਦ ਵਧਾ ਕੇ 100 ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਰ ਵਿੱਚ ਤਿੰਨ ਵਿਅਕਤੀਆਂ ਦੇ ਸਵਾਰ ਹੋਣ ਅਤੇ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਦੀ ਸਮਰੱਥਾ ਵਿੱਚ ਵੀ ਢਿੱਲ ਦੇ ਦਿੱਤੀ ਹੈ ਬਸ਼ਰਤੇ ਸਫਰ ਦੌਰਾਨ ਤਾਕੀਆਂ ਖੁੱਲੀਆਂ ਹੋਣ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਯਕੀਨੀ ਕਰਵਾਉਣ ਦੇ ਆਦੇਸ਼ ਦਿੱਤੇ ਹਨ ਅਤੇ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਆਉਣ ਵਾਲੇ ਝੋਨੇ ਦੀ ਖਰੀਦ ਸੀਜ਼ਨ ਅਤੇ ਤਿਉਹਾਰਾਂ ਦੇ ਮੌਸਮ ਨੂੰ ਦੇਖਦਿਆਂ ਇਸ ਸਬੰਧੀ ਕੋਈ ਢਿੱਲ-ਮੱਠ ਨਹੀਂ ਦਿੱਤੀ ਜਾਵੇਗੀ।
ਸਕੂਲ ਅਤੇ ਵਿਦਿਅਕ ਸੰਸਥਾਵਾਂ ਖੋਲਣ ਦੇ ਮਾਮਲੇ ਜਿਸ ਬਾਰੇ ਕੇਂਦਰ ਨੇ ਅਨਲੌਕ 5.0 ਤਹਿਤ 15 ਅਕਤੂਬਰ ਤੋਂ ਫੈਸਲਾ ਲੈਣ ਦੇ ਅਧਿਕਾਰ ਸੂਬਿਆਂ ਉਤੇ ਛੱਡ ਦਿੱਤੇ ਹਨ, ਬਾਰੇ ਅੰਤਿਮ ਫੈਸਲੇ ਦਾ ਐਲਾਨ ਗ੍ਰਹਿ ਸਕੱਤਰ ਅਤੇ ਸਿੱਖਿਆ ਵਿਭਾਗ ਵਿਚਾਲੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ।
ਸੂਬੇ ਵਿੱਚ ਕੋਵਿਡ ਦੀ ਸਥਿਤੀ ਬਾਰੇ ਸੱਦੀ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸੂਬੇ ਵਿੱਚ ਕੇਸਾਂ ਅਤੇ ਮੌਤ ਦਰ ਵਿੱਚ ਆਈ ਗਿਰਾਵਟ ਨੂੰ ਦੇਖਦਿਆਂ ਕਿਹਾ ਕਿ ਪਹਿਲਾਂ ਲਾਈਆਂ ਗਾਈਆਂ ਪਾਬੰਦੀਆਂ ਨਾਲ ਸੂਬਾ ਸਰਕਾਰ ਨੂੰ ਬਹੁਤ ਮੱਦਦ ਮਿਲੀ ਹੈ। ਹਾਲਾਂਕਿ ਉਨਾਂ ਪੇਂਡੂ ਖੇਤਰਾਂ ਵਿੱਚ ਵਧਦੇ ਕੇਸਾਂ ਉਤੇ ਚਿੰਤਾ ਪ੍ਰਗਟਾਈ। ਸ਼ਹਿਰਾਂ/ਕਸਬਿਆਂ ਵਿੱਚ ਕੇਸਾਂ ਦੀ ਗਿਣਤੀ ਜ਼ਰੂਰ ਘਟ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਹਸਪਤਾਲਾਂ ਵਿੱਚੋਂ ਛੁੱਟੀ ਹਾਸਲ ਕਰਨ ਵਾਲੇ ਗਰੀਬ ਕੋਵਿਡ ਮਰੀਜ਼ਾਂ ਲਈ ਵਿਟਾਮਿਨ ਆਦਿ ਦਾ ਪ੍ਰਬੰਧ ਦਾ ਖਿਆਲ ਰੱਖਿਆ ਜਾਵੇ।
ਇਸ ਤੋਂ ਪਹਿਲਾਂ ਸੰਖੇਪ ਪੇਸ਼ਕਾਰੀ ਵਿੱਚ ਸੂਬੇ ਦੇ ਸਿਹਤ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇ.ਕੇ.ਤਲਵਾੜ ਨੇ ਕਿਹਾ ਕਿ ਸੂਬੇ ਵਿੱਚ ਪਾਜ਼ੇਟਿਵ ਕੇਸਾਂ ਦੀ ਦਰ 14 ਸਤੰਬਰ ਨੂੰ 10.85 ਫੀਸਦੀ ਸੀ ਜੋ ਕਿ 28 ਸਤੰਬਰ ਨੂੰ ਘਟ ਕੇ 5.12 ਫੀਸਦੀ ਉਤੇ ਆ ਗਈ।
ਇਸ ਸਮੇਂ ਦੌਰਾਨ ਮੌਤ ਦਰ ਅਤੇ ਵੈਟੀਲੇਂਟਰ ਵਾਲੇ ਮਰੀਜ਼ਾਂ ਦੀ ਦਰ ਵਿੱਚ ਗਿਰਾਵਟ ਆਈ ਹੈ। ਸੂਬੇ ਵਿੱਚ ਇਸ ਵੇਲੇ ਕੋਵਿਡ ਮੌਤ ਦਰ 2.95 ਫੀਸਦੀ ਹੈ ਅਤੇ ਪ੍ਰਤੀ ਮਿਲੀਅਨ ਮੌਤਾਂ ਦੀ ਦਰ 112.5 ਫੀਸਦੀ ਹੈ। ਰਿਕਵਰੀ ਦਰ ਵਧ ਕੇ 82.1 ਫੀਸਦੀ ਹੋ ਗਈ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਥਿਤੀ ਨੂੰ ਕੰਟਰੋਲ ਹੇਠ ਰੱਖਣ ਲਈ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦਾ ਹੌਸਲਾ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਸਿਹਤ ਸਕੱਤਰ ਹੁਸਨ ਲਾਲ ਨੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਆਦਿ ਦੀ ਮੌਜੂਦਾ ਸਥਿਤੀ ਦੇ ਵੇਰਵੇ ਸਾਂਝੇ ਕੀਤੇ ਜਦੋਂ ਕਿ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਡੀ.ਕੇ.ਤਿਵਾੜੀ ਨੇ ਖੁਲਾਸਾ ਕੀਤਾ ਕਿ ਹੁਣ ਤੱਕ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ 54 ਕੋਵਿਡ ਮਰੀਜ਼ ਆਪਣਾ ਪਲਾਜ਼ਮਾ ਦਾਨ ਕਰ ਚੁੱਕੇ ਹਨ।

LEAVE A REPLY

Please enter your comment!
Please enter your name here