
ਚੰਡੀਗੜ੍ਹ, 31 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਰਡਰ ਸਕਿਉਰਿਟੀ ਫੋਰਸ (ਬੀ.ਐਸ.ਐਫ.) ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਨੂੰ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਸੂਬੇ ਦੀਆਂ ਸਰਹੱਦਾਂ ਉਤੇ ਚੌਕਸੀ ਵਧਾਉਣ ਦੀ ਲੋੜ ਤੋਂ ਜਾਣੂੰ ਕਰਵਾਇਆ।
ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਐਤਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉਤੇ ਪੁੱਜੇ ਸਨ।
ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੰਡਿਆਲੀ ਤਾਰ ਪਾਰੋਂ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਮੱਦੇਨਜ਼ਰ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਸਕਰੀ ਨਾਲ ਕਰੜੇ ਹੱਥੀਂ ਸਿੱਝਣ ਦੀ ਲੋੜ ਹੈ ਕਿਉਂਕਿ ਇਹ ਦੇਸ਼ ਦੀ ਏਕਤਾ, ਅਖੰਡਤਾ, ਸੁਰੱਖਿਆ ਤੇ ਪ੍ਰਭੂਸੱਤਾ ਲਈ ਵੱਡਾ ਖ਼ਤਰਾ ਖੜ੍ਹਾ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਸ਼ਿਆਂ ਖ਼ਿਲਾਫ਼ ਦੇਸ਼ ਦੀ ਲੜਾਈ ਲੜ ਰਿਹਾ ਹੈ ਕਿਉਂਕਿ ਸੂਬੇ ਵਿੱਚ ਰੱਤੀ ਭਰ ਵੀ ਨਸ਼ਿਆਂ ਉਗਾਇਆ ਨਹੀਂ ਜਾਂਦਾ ਪਰ ਸੂਬਾ ਨਸ਼ਾ ਸਪਲਾਈ ਦਾ ਲਾਂਘਾ ਹੈ। ਇਸ ਲਈ ਸੂਬਾ ਦੇਸ਼ ਵਿੱਚ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਖ਼ਤੀ ਨਾਲ ਲੜ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬੀ.ਐਸ.ਐਫ. ਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਬਾਰੀਕਬੀਨੀ ਨਾਲ ਵਿਉਂਤੀ ਕੋਈ ਵੀ ਨੀਤੀ ਨਸ਼ਿਆਂ ਦੇ ਜ਼ਹਿਰ ਤੋਂ ਦੇਸ਼ ਨੂੰ ਬਚਾਉਣ ਲਈ ਇਕ ਵੱਡੇ ‘ਬੈਰੀਅਰ’ ਵਜੋਂ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਨਾਰਕੋ-ਗੈਂਗਸਟਰ-ਅਤਿਵਾਦ ਦੇ ਗਠਜੋੜ ਦੀ ਰੀੜ ਦੀ ਹੱਡੀ ਤੋੜਨ ਦੀ ਲੋੜ ਹੈ ਕਿਉਂਕਿ ਇਹ ਸੂਬੇ ਦੀ ਸਖ਼ਤ ਘਾਲਣਾ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਤਹਿਸ-ਨਹਿਸ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਭਗਵੰਤ ਮਾਨ ਨੇ ਇਸ ਪਰਉਪਕਾਰੀ ਕਾਰਜ ਲਈ ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਨੂੰ ਹਰ ਸੰਭਵ ਸਹਿਯੋਗ ਤੇ ਸਹਾਇਤਾ ਦਾ ਯਕੀਨ ਦਿਵਾਇਆ।
ਸਰਹੱਦ ਪਾਰਲੇ ਅਤਿਵਾਦ ਤੇ ਤਸਕਰੀ ਨਾਲ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਝਣ ਲਈ ਬੀ.ਐਸ.ਐਫ. ਤੇ ਪੰਜਾਬ ਪੁਲਿਸ ਨੂੰ ਆਧੁਨਿਕ ਹਥਿਆਰਾਂ ਤੇ ਸਾਜ਼ੋ-ਸਾਮਾਨ ਨਾਲ ਲੈਸ ਕਰਨ ਦੀ ਲੋੜ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਤੇ ਬੀ.ਐਸ.ਐਫ. ਸਰਹੱਦ ਪਾਰ ਤੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਨ੍ਹਾਂ ਦੋਵਾਂ ਦਸਤਿਆਂ ਦੀਆਂ ਕੋਸ਼ਿਸ਼ਾਂ ਦੇ ਮਨਚਾਹੇ ਨਤੀਜੇ ਨਿਕਲਣਗੇ। ਭਗਵੰਤ ਮਾਨ ਨੇ ਦੇਸ਼ ਖ਼ਾਸ ਤੌਰ ਉਤੇ ਪੰਜਾਬ ਵਿੱਚ ਸਰਹੱਦ ਦੀ ਰਾਖੀ ਲਈ ਬੀ.ਐਸ.ਐਫ. ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
