ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੀਤੀ ਗੱਲਬਾਤ

0
77

ਚੰਡੀਗੜ, 5 ਅਪਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਤੇ ਭਤੀਜੇ ਨਾਲ ਗੱਲਬਾਤ ਕੀਤੀ ਅਤੇ ਭਾਈ ਸਾਹਿਬ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ। ਉਨਾਂ ਭਰੋਸਾ ਦਿੱਤਾ ਕਿ ਪਰਿਵਾਰ ਦੇ ਜਿਹੜੇ ਮੈਂਬਰ ਕੋਵਿਡ-19 ਤੋਂ ਪੀੜਤ ਹਨ, ਉਨਾਂ ਦੇ ਇਲਾਜ ਵਿੱਚ ਸਰਕਾਰ ਵੱਲੋਂ ਪੂਰੀ ਸਹਾਇਤਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਭਾਈ ਨਿਰਮਲ ਸਿੰਘ ਦੇ ਪੁੱਤਰ ਅਮਿਤੇਸਵਰ ਸਿੰਘ ਤੇ ਭਤੀਜੇ ਜਗਪ੍ਰੀਤ ਸਿੰਘ ਨੂੰ ਯਕੀਨ ਦਿਵਾਇਆ ਕਿ ਇਨਾਂ ਸਾਰੇ ਮਰੀਜਾਂ ਦਾ ਕੋਵਿਡ-19 ਤੋਂ ਬਚਾਅ ਲਈ ਇਲਾਜ ਚੱਲ ਰਿਹਾ ਹੈ ਅਤੇ ਸਰਕਾਰ ਦੇ ਮੈਡੀਕਲ ਪ੍ਰੋਟੋਕੋਲ ਮੁਤਾਬਕ ਇਨਾਂ ਸਾਰੇ ਮਰੀਜਾਂ ਦੀ ਪੂਰੀ ਦੇਖਭਾਲ ਹੋਵੇਗੀ। ਉਨਾਂ ਦੱਸਿਆ ਕਿ ਪੀੜਤ ਪਰਿਵਾਰਕ ਮੈਂਬਰਾਂ ਦੀ ਸਿਹਤ ੳੱੁਤੇ ਸਿਹਤ ਵਿਭਾਗ ਨਿਗਰਾਨੀ ਰੱਖ ਰਿਹਾ ਹੈ ਅਤੇ ਸਿਹਤ ਅਮਲੇ ਨੂੰ ਕਿਹਾ ਗਿਆ ਹੈ ਕਿ ਜੇ ਕਿਸੇ ਹੋਰ ਸਹਾਇਤਾ ਦੀ ਲੋੜ ਹੈ ਤਾਂ ਉਹ ਤੁਰੰਤ ਉਨਾਂ (ਮੁੱਖ ਮੰਤਰੀ) ਨਾਲ ਸੰਪਰਕ ਕਰਨ।
ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਦੇ ਮੈਂਬਰਾਂ, ਜਿਨਾਂ ਦੀ ਕੋਵਿਡ-19 ਦੀ ਰਿਪੋਰਟ ਪਾਜੇਟਿਵ ਆਈ ਹੈ ਅਤੇ ਜਿਨਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਦੀ ਸਿਹਤ ਦਾ ਹਾਲ-ਚਾਲ ਵੀ ਪੁੱਛਿਆ।
ਅੰਮਿ੍ਰਤਸਰ ਵਿੱਚ ਕੁੱਲ ਸਥਾਨਕ ਲੋਕਾਂ ਦੇ ਖਦਸਿਆਂ ਕਾਰਨ ਭਾਈ ਨਿਰਮਲ ਸਿੰਘ ਦੇ ਸਸਕਾਰ ਵਿੱਚ ਹੋਈ ਦੇਰੀ ਨੂੰ ਮੰਦਭਾਗਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਇਸ ਬਿਮਾਰੀ ਬਾਰੇ ਗਲਤ ਧਾਰਨਾਵਾਂ ਕਾਰਨ ਵਾਪਰੀ ਅਤੇ ਉਨਾਂ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭਵਿੱਖ ਵਿੱਚ ਅਜਿਹੀ ਕਿਸੇ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਉਨਾਂ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਕਿਹਾ ਹੈ ਕਿ ਜਿਲਾ ਪੱਧਰ ਉਤੇ ਸਾਰੇ ਸਿਹਤ ਤੇ ਹੋਰ ਅਧਿਕਾਰੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਵੀ ਜਾਗਰੂਕ ਕਰਨ। ਉਨਾਂ ਕਿਹਾ ਕਿ ਜੇ ਕੋਈ ਇਨਾਂ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਮਿ੍ਰਤਕ ਦੇਹ ਢੁਕਵੇਂ ਤਰੀਕੇ ਨਾਲ ਸਸਕਾਰ ਦੀ ਹੱਕਦਾਰ ਹੈ ਅਤੇ ਕੋਵਿਡ-19 ਦੀ ਬਿਮਾਰੀ ਕਾਰਨ ਫੌਤ ਹੋਏ ਹਰੇਕ ਮਰੀਜ ਦੀ ਲਾਸ਼ ਦੀ ਸੰਭਾਲ ਬਾਰੇ ਸਿਹਤ ਵਿਭਾਗ ਦਾ ਤੈਅ ਪ੍ਰੋਟੋਕੋਲ ਹੈ। ਇਸ ਦਾ ਲਾਜਮੀ ਪਾਲਣ ਹੋਵੇ ਅਤੇ ਲੋਕਾਂ ਦਾ ਇਹ ਖਦਸ਼ਾ ਗਲਤ ਹੈ ਕਿ ਕੋਵਿਡ ਮਰੀਜ ਦੇ ਸਸਕਾਰ ਨਾਲ ਇਹ ਬਿਮਾਰੀ ਸਬੰਧਤ ਇਲਾਕੇ ਵਿੱਚ ਫੈਲ ਸਕਦੀ ਹੈ।
ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਕੱਲ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਆਖਿਆ ਸੀ ਕਿ ਉਹ ਹਸਪਤਾਲ ਵਿੱਚ ਦਾਖਲ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਪੁੱਛਣ ਜਾਣ ਅਤੇ ਉਨਾਂ ਦਾ ਢੁਕਵਾਂ ਇਲਾਜ ਯਕੀਨੀ ਬਣਾਉਣ।    

————-

LEAVE A REPLY

Please enter your comment!
Please enter your name here