ਸਰਦੂਲਗੜ੍ਹ, 17 ਜੂਨ (ਸਾਰਾ ਯਹਾ/ ਬੀ.ਪੀ.ਐਸ) ਥਾਣਾ ਝੁਨੀਰ ਵਿਖੇ ਦਰਜ ਮੁਕੱਦਮੇ ਮੁਤਾਬਕ ਅਖੌਤੀ ਪੱਤਰਕਾਰ ਸੁਰਜੀਤ ਸਿੰਘ ਮੋਗਾ ਵਾਸੀ ਫੱਤਾ ਮਾਲੋਕਾ ਦੁਬਾਰਾ ਕੀਤੀ ਗਈ ਘਨੌਨੀ ਕਰਤੂਤ ਦੀ ਮੀਡੀਆ ਕਲੱਬ ਸਰਦੂਲਗੜ੍ਹ ਵੱਲੋਂ ਘੋਰ ਨਿੰਦਾ ਕੀਤੀ ਗਈ। ਕਲੱਬ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੇ ਇਸ ਸ਼ਰਮਨਾਕ ਘਟਨਾ ਪ੍ਰਤੀ ਦੁੱਖ ਜਤਾਉਂਦੇ ਕਿਹਾ ਕਿ ਮਾਸੂਮ ਬਾਲੜੀ ਤੇ ਉਸ ਦੇ ਪਰਿਵਾਰ ਦੀ ਲੋੜ ਪੈਣ ਤੇ ਸਹਾਇਤਾ ਕਰਨ ਲਈ ਤਿਆਰ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੀਡੀਆ ਕਲੱਬ ਦਾ ਸੁਰਜੀਤ ਮੋਗਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਕਥਿਤ ਦੋਸ਼ੀ ਮੋਗਾ ਨਿਆਂਪਾਲਿਕਾ ਵਿੱਚ ਅਪਰਾਧੀ ਸਾਬਤ ਹੁੰਦਾ ਹੈ ਤਾਂ ਉਨ੍ਹਾਂ ਦੀ ਮੰਗ ਹੈ ਕਿ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਇੱਕ ਵਿਅਕਤੀ ਦੀ ਨਿੱਜੀ ਕਰਤੂਤ ਕਰਕੇ ਵਿਸ਼ੇਸ਼ ਜਮਾਤ ਨੂੰ ਬਦਨਾਮ ਨਾ ਕੀਤਾ ਜਾਵੇ ਕਿਉਂਕਿ ਇੱਕ-ਅੱਧੀ ਕਾਲੀ ਭੇਡ ਹਰ ਮਹਿਕਮੇ, ਸੰਗਠਨ, ਯੂਨੀਅਨ ਅਤੇ ਪਾਰਟੀ ਵਿੱਚ ਸ਼ਾਮਲ ਹੁੰਦੀ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸਥਾਨਕ ਮੀਡੀਆ ਨਾਲ ਜੁੜੇ ਪੱਤਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਖ਼ਬਾਰਾਂ ਵਿਚ ਪ੍ਰਮੁੱਖਤਾ ਨਾਲ ਛਾਪਣ ਦੀ ਸੇਵਾ ਕਰਦੇ ਰਹੇ ਹਨ ਅਤੇ ਅੱਗੇ ਤੋਂ ਵੀ ਆਪਣਾ ਫਰਜ਼ ਨਿਭਾਉਣ ਲਈ ਵਚਨਬੱਧ ਹਨ।