ਮਿੱਲਾਂ ਵਿੱਚ ਲੁਕੋ ਕੇ ਰੱਖੇ ਜਨਤਕ ਵੰਡ ਪ੍ਰਣਾਲੀ ਦੇ 5200 ਬੋਰੇ ਚਾਵਲ ਬਰਾਮਦ

0
117

ਚੰਡੀਗੜ੍ਹ,27 ਅਕਤੂਬਰ(ਸਾਰਾ ਯਹਾ / ਮੁੱਖ ਸੰਪਾਦਕ): ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ 5200 ਬੋਰੇ ਚਾਵਲ ਦੇ ਬਰਾਮਦ ਕੀਤੇ ਗਏ ਹਨ ਜੋ ਕਿ ਜਨਤਕ ਵੰਡ ਪ੍ਰਣਾਲੀ ਅਧੀਨ ਵੰਡੇ ਜਾਣੇ ਸਨ। ਉਕਤ ਜਾਣਕਾਰੀ ਅੱਜ ਇੱਥੇ ਦਿੰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਕੁਰਾਲੀ ਸਥਿਤ ਵਿਸ਼ਨੂੰ ਰਾਈਸ ਐਂਡ ਜਨਰਲ ਮਿੱਲਜ਼ ਕੁਰਾਲੀ ਜੋ ਕਿ ਪਨਸਪ ਨੂੰ ਅਲਾਟਡ ਹੈ, ਵਿਖੇ ਛਾਪਾਮਾਰੀ ਕੀਤੀ ਗਈ, ਜਿੱਥੋਂ 3000 ਬੋਰੇ ਜਨਤਕ ਵੰਡ ਅਧੀਨ ਵੰਡੇ ਜਾਣ ਵਾਲੇ ਚਾਵਲਾਂ ਦੇ ਬਰਾਮਦ ਕੀਤੇ ਗਏ ਹਨ।
 ਉਹਨਾਂ ਦਸਿਆ ਕਿ ਇਹ ਬੋਰੇ ਝੋਨੇ ਦੇ ਸਟਾਕ ਵਿੱਚ ਲੁਕੋ ਕੇ ਰੱਖੇ ਗਏ ਸਨ। ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਖਰੜ ਸਥਿਤ ਖਰੜ ਰਾਈਸ ਮਿੱਲ ਜੋ ਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੂੰ ਅਲਾਟਡ ਹੈ, ਵਿੱਚ ਵੀ ਛਾਪੇਮਾਰੀ ਕੀਤੀ ਗਈ, ਜਿੱਥੋਂ 2200 ਬੋਰੇ ਜਨਤਕ ਵੰਡ ਅਧੀਨ ਵੰਡੇ ਜਾਣ ਵਾਲੇ ਚਾਵਲਾਂ ਦੇ ਬਰਾਮਦ ਕੀਤੇ ਗਏ ਹਨ।
 ਉਹਨਾਂ ਦਸਿਆ ਕਿ ਇਹ ਬੋਰੇ ਝੋਨੇ ਦੇ ਸਟਾਕ ਵਿੱਚ ਲੁਕੋ ਕੇ ਰੱਖੇ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਇਹ ਚਾਵਲ ਦੂਸਰੇ ਰਾਜਾਂ ਤੋਂ ਘੱਟ ਕੀਮਤ ‘ਤੇ ਲਿਆਂਦੇ ਗਏ ਸਨ ਅਤੇ ਇਹਨਾਂ ਨੂੰ ਚਾਲੂ ਮੰਡੀ ਸੀਜ਼ਨ ਦੌਰਾਨ ਬੋਗਸ ਬਿਲਿੰਗ ਲਈ ਵਰਤਿਆ ਜਾਣਾ ਸੀ।
ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੋਗਸ ਬਿਲਿੰਗ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਪੰਜਾਬ ਮੰਡੀ ਬੋਰਡ, ਪੰਜਾਬ ਪੁਲੀਸ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਸਾਂਝੇ ਤੌਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਦੇ ਸਾਰਥਕ ਨਤੀਜੇ ਵੀ ਨਿਕਲੇ ਹਨ।

LEAVE A REPLY

Please enter your comment!
Please enter your name here