
ਮਾਨਸਾ, 02 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਵੱਡੇ ਪੱਧਰ ਤੇ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ, ਇਸੇ ਲੜੀ ਤਹਿਤ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪੰਜਾਬ ਅੰਦਰ ਪਹਿਲੀ ਵਾਰ 86 ਫੀਸਦੀ ਪਰਿਵਾਰਾਂ ਦਾ ਬਿਜਲੀ ਬਿਲ ਜ਼ੀਰੋ ਆਇਆ ਹੈ ਜੋ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਅੰਦਰ ਵੀ 87 ਫੀਸਦੀ ਤੋਂ ਵਧੇਰੇ ਘਰਾਂ ਨੂੰ ਜ਼ੀਰੋ ਬਿਜਲੀ ਬਿਲ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰਾਪਤ ਮਾਨਸਾ ਜ਼ਿਲ੍ਹੇ ਦੀ ਰਿਪੋਰਟ ਅਨੁਸਾਰ 1 ਲੱਖ 49 ਹਜ਼ਾਰ 391 ਬਿਜਲੀ ਬਿਲ ਵੱਖ-ਵੱਖ ਘਰਾਂ ਨੂੰ ਜਾਰੀ ਕੀਤੇ ਗਏ ਜਿਸ ਵਿੱਚ 1 ਲੱਖ 30 ਹਜ਼ਾਰ 912 ਘਰਾਂ ਦੇ ਬਿਜਲੀ ਦੇ ਬਿਲ ਜ਼ੀਰੋ ਆਏ ਹਨ, ਜੋ ਕਿ ਕੁੱਲ ਬਿਲਾਂ ਦਾ 87.63 ਫੀਸਦੀ ਬਣਦਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਐਕਸੀਅਨ ਪੀ.ਐਸ.ਪੀ.ਸੀ.ਐਲ. ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਿਖੇ ਕੁੱਲ 11460 ਬਿਜਲੀ ਦੇ ਬਿਲ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚੋਂ 10684 ਘਰਾਂ ਨੂੰ ਜ਼ੀਰੋ ਰਕਮ ਦੇ ਬਿਲ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਸਬ-ਸ਼ਹਿਰੀ ਮਾਨਸਾ ਵਿਖੇ 23071 ਬਿਲ ਜਾਰੀ ਕੀਤੇ ਗਏ ਅਤੇ 20062 ਘਰਾਂ ਨੂੰ ਜ਼ੀਰੋ ਬਿਲ ਆਇਆ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਵਿਖੇ 18342 ਬਿਜਲੀ ਬਿਲ ਜਾਰੀ ਕੀਤੇ ਅਤੇ 15975 ਘਰਾਂ ਦੇ ਜ਼ੀਰੋ ਰਕਮ ਦੇ ਬਿਲ ਆਏ। ਜੋਗਾ ਵਿਖੇ ਜਾਰੀ ਕੀਤੇ 6653 ਬਿਲਾਂ ਵਿੱਚੋਂ 6018 ਘਰਾਂ ਨੂੰ ਜ਼ੀਰੋ ਬਿਲ ਪ੍ਰਾਪਤ ਹੋਏ। ਉਨ੍ਹਾਂ ਦੱਸਿਆ ਕਿ ਝੁਨੀਰ ਵਿਖੇ 18694 ਘਰਾਂ ਨੂੰ ਬਿਜਲੀ ਬਿਲ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚੋਂ 15635 ਘਰਾਂ ਨੂੰ ਜ਼ੀਰੋ ਬਿਲ ਪ੍ਰਾਪਤ ਹੋਏ।
ਐਕਸੀਅਨ ਨੇ ਅੱਗੇ ਦੱਸਿਆ ਕਿ ਬੁਢਲਾਡਾ ਵਿਖੇ ਜਾਰੀ ਕੀਤੇ 21597 ਬਿਲਾਂ ਵਿੱਚੋਂ 18845 ਘਰਾਂ ਨੂੰ ਜ਼ੀਰੋ ਬਿਲ ਆਇਆ। ਇਸੇ ਤਰ੍ਹਾਂ ਭੀਖੀ ਵਿਖੇ 16022 ਬਿੱਲ ਜਾਰੀ ਕੀਤੇ ਅਤੇ 14526 ਘਰਾਂ ਨੂੰ ਜ਼ੀਰੋ ਬਿਲ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਬਰੇਟਾ ਵਿਖੇ ਕੁੱਲ 19898 ਘਰਾਂ ਨੂੰ ਭੇਜੇ ਬਿਜਲੀ ਬਿੱਲਾਂ ਵਿੱਚੋਂ 17198 ਘਰਾਂ ਦਾ ਬਿਜਲੀ ਬਿੱਲ ਜ਼ੀਰੋ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਬੋਹਾ ਵਿਖੇ ਕੁੱਲ ਜਾਰੀ ਕੀਤੇ 13654 ਬਿੱਲਾਂ ਵਿੱਚੋਂ 11969 ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ।
