*ਮਾਨਸਾ ਸਿਹਤ ਵਿਭਾਗ ਨੇ ਸ਼ਹਿਰ ਦੇ ਛੱਪੜਾਂ ਵਿੱਚ ਛੱਡੀਆਂ ਗੰਬੂਜੀਆ ਮੱਛੀਆਂ*

0
43

ਮਾਨਸਾ, 29 ਅਪੈ੍ਰਲ (ਸਾਰਾ ਯਹਾਂ/ਮੁੱਖ ਸੰਪਾਦਕ) : ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੇ ਦਿਸ਼ਾ—ਨਿਰਦੇਸਾਂ ਤਹਿਤ ਮਲੇਰੀਆ ਅਤੇ ਡੇਂਗੂ ਦੇ ਮੱਛਰ ਤੋਂ ਬਚਾਅ ਲਈ ਸ਼ਹਿਰ ਦੇ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਲੋਕਾਂ ਨੂੰ ਇਸ ਤੋਂ ਬਚਾਅ ਅਤੇ ਵੈਕਸੀਨੇਸ਼ਨ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਦੇ ਨਾਲ—ਨਾਲ ਸਿਹਤ ਵਿਭਾਗ ਵੱਲੋਂ ਬਾਕੀ ਬਿਮਾਰੀਆਂ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਅਤੇ ਬਚਾਅ ਸਬੰਧੀ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਰਮੀ ਵਧਣ ਅਤੇ ਮੀਂਹ ਪੈਣ ਕਾਰਨ ਮੱਛਰ ਦੀ ਪੈਦਾਵਾਰ ਵੱਧ ਗਈ ਹੈ ਤੇ ਮੱਛਰ ਤੋਂ ਹੋਣ ਵਾਲੀ ਬਿਮਾਰੀ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਆਪਣਾ ਕੰਮ ਸੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਖਿਆਲਾ ਕਲਾਂ ਵਿਖੇ ਹੈਚਰੀ ਬਣਾਈ ਗਈ ਹੈ, ਜਿਸ ਵਿੱਚ ਗੰਬੂਜੀਆ ਮੱਛੀਆਂ ਨੂੰ ਰੱਖਿਆ ਜਾ ਰਿਹਾ ਹੈ। ਇਹ ਗੰਬੂਜੀਆ ਮੱਛੀਆਂ ਮੱਛਰ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ ਜਿਸ ਕਰਕੇ ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਵਿੱਚ ਇਹ ਬਹੁਤ ਸਹਾਇਕ ਸਿੱਧ ਹੁੰਦੀਆਂ ਹਨ।ਇਸੇ ਤਹਿਤ ਅੱਜ ਮਾਨਸਾ ਸ਼ਹਿਰ ਦੇ ਕਈ ਛੱਪੜਾਂ ਵਿੱਚ ਗੰਬੂਜੀਆਂ ਮੱਛੀਆਂ ਛੱਡੀਆਂ ਗਈਆਂ ਤਾਂ ਜੋ ਡੇਂਗੂ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਵਾਰ ਨੂੰ ਠੱਲ ਪਾਈ ਜਾ ਸਕੇ।ਇਸ ਮੌਕੇ ਗੁਰਜੰਟ ਸਿੰਘ ਏ.ਐਮ.ਓ ਨੇ ਕਿਹਾ ਕਿ ਮਲੇਰੀਏ ਦੇ ਮੁੱਖ ਲੱਛਣ ਅਚਾਨਕ ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਦੇ ਨਾਲ ਥਕਾਵਟ ਤੇ ਕਮਜੋਰੀ ਹੋਣਾ ਅਤੇ ਸਰੀਰ ਨੂੰ ਪਸੀ਼ਨਾ ਆਉਣਾ ਹਨ।ਰਾਮ ਕੁਮਾਰ ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਮਲੇਰੀਏ ਬੁਖਾਰ ਤੋਂ ਬਚਾਓ ਲਈ ਘਰਾਂ ਦੇ ਆਲੇ—ਦੁਆਲੇ ਛੋਟੇ ਟੋਇਆ ਵਿੱਚ ਪਾਣੀ ਇਕੱਠਾ ਨਾ ਹੋਣ ਦਿਉ ਅਤੇ ਇਸ ਨੂੰ ਮਿੱਟੀ ਨਾਲ ਭਰ ਦਿਉ।ਇਸ ਮੌਸਮ ਵਿੱਚ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਣੇ ਜਾਣ ਤਾਂ ਜੋ ਮੱਛਰ ਕੱਟ ਨਾ ਸਕੇ, ਸੌਣ ਵੇਲੇ ਮੱਛਰਦਾਨੀ/ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਘਰਾਂ ਦੇ ਆਲੇ—ਦੁਆਲੇ ਖੜੇ ਪਾਣੀ ਵਿੱਚ ਕਾਲਾ ਤੇਲ ਪਾ ਕੇ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ।ਇਸਦੇ ਬਚਾਅ ਲਈ ਨੇੜੇ ਦੀ ਸਿਹਤ ਸੰਸਥਾ ਵਿੱਚ ਮਲੇਰੀਏ ਦਾ ਟੈਸਟ ਮੁਫ਼ਤ ਕਰਵਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here