ਮਾਨਸਾ ਸ਼ਹਿਰ ਦੀਆਂ ਸੰਘਰਸ਼ਸੀਲ ਤੇ ਵਪਾਰਕ ਜਥੇਬੰਦੀਆਂ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਇਕ ਸਾਂਝੀ ਤਾਲਮੇਲ ਕਮੇਟੀ ਬਣਾਈ ਗਈ

0
250

ਮਾਨਸਾ 16 ਮਈ (ਸਾਰਾ ਯਹਾ/ ਬਲਜੀਤ ਸ਼ਰਮਾ )  : ਮਾਨਸਾ ਸ਼ਹਿਰ ਦੀਆਂ ਸੰਘਰਸ਼ਸੀਲ ਤੇ ਵਪਾਰਕ ਜਥੇਬੰਦੀਆਂ ਵੱਲੋਂ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਵਿਚ ਮਾਨਸਾ ਜਿਲੇ ਦੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਸਾਂਝੀ ਤਾਲਮੇਲ ਕਮੇਟੀ ਬਣਾਈ ਗਈ। ਜਿਸ ਦੀ ਪਹਿਲੀ ਮੀਟਿੰਗ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਚ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਕਮੇਟੀ ਦੇ ਪ੍ਰਧਾਨ ਸੁਰੇਸ਼ ਨੰਦਗੜੀਆ ਵੱਲੋਂ ਕੀਤੀ ਗਈ। ਮੀਟਿੰਗ ਵਿਚ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੇ ਐਲਾਨ ਨੂੰ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਨਾਲ ਮਜਾਕ ਐਲਾਨਿਆ ਗਿਆ ਅਤੇ ਕਿਹਾ ਗਿਆ ਕਿ ਇਸ ਨਾਲ ਲੋਕਾਂ ਨੂੰ ਕੋਈ ਲਾਭ ਨਹੀਂ ਹੋਵੇਗਾ। ਮੀਟਿੰਗ ਵਿਚ ਕਿਹਾ ਗਿਆ ਕਿ ਆਰਥਿਕ ਪੈਕੇਜ਼ ਦੇ ਨਾਮ ਤੇ ਮੋਦੀ ਜੁੰਡਲੀ ਆਪਣੇ ਚਹੇਤਿਆ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਉਹਨਾਂ ਮੰਗ ਕੀਤੀ ਕਿ ਇਸ ਵੀਹ ਲੱਖ ਕਰੋੜ ਦਾ ਲੋਕਾਂ ਨੂੰ ਸਿੱਧਾ ਲਾਭ ਦਿੱਤਾ ਜਾਵੇ ਤੇ ਪੈਸਾ ਸਿੱਧਾ ਲੋਕਾਂ ਦੇ ਖਾਤਿਆਂ ਵਿਚ ਪਾਇਆ ਜਾਵੇ।

          ਇਸ ਸਮੇਂ ਰੁਲਦੂ ਸਿੰਘ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਗੁਰਲਾਭ ਸਿੰਘ ਮਾਹਲ ਐਡਵੋਕੇਟ ਤੇ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਇਸ ਕਮੇਟੀ ਦਾ ਮਕਸਦ ਜਿਲੇ ਅੰਦਰ ਕਰੋਨਾ ਸੰਕਟ ਕਾਰਨ ਜੋ ਸਮੱਸਿਆਵਾਂ ਪੈਦਾ ਹੋਣਗੀਆਂ ਉਸ ਦਾ ਆਪਸੀ ਤਾਲਮੇਲ ਰਾਹੀਂ ਅਤੇ ਭਾਈਚਾਰਾ ਕਾਇਮ ਰੱਖਦੇ ਹੋਏ ਉਹਨਾਂ ਦਾ ਹੱਲ ਕਰਨਾ ਹੈ। ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਡਾਕਟਰ ਜਨਕ ਰਾਜ ਸਿੰਗਲਾ ਮੈਂਬਰ ਮੈਡੀਕਲ ਕੌਂਸਲ ਪੰਜਾਬ, ਡਾਕਟਰ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ ਨੇ ਇਸ ਤਾਲਮੇਲ ਕਮੇਟੀ ਲਈ ਏਜੰਡੇ ਪੇਸ਼ ਕੀਤੇ ਜਿਸ ਵਿਚ ਸਕੂਲਾਂ ਕਾਲਜ਼ਾਂ ਦੀਆਂ ਟਿਊਸ਼ਨ ਫੀਸਾਂ, ਸਕੂਲਾਂ ਕਾਲਜਾਂ ਦੇ ਮੁਲਾਜ਼ਮਾਂ ਤੇ ਡਰਾਇਵਰਾਂ ਦੀ ਤਨਖਾਹ, ਸ਼ਹਿਰ ਦੇ ਕਿਰਾਏਦਾਰਾਂ ਤੇ ਮਾਲਕਾਂ,ਬਿਜਲੀ ਦੇ ਬਿੱਲਾਂ, ਬੈਕਾਂ ਅਤੇ ਫਾਇਨਾਂਸ ਕੰਪਨੀਆਂ ਦੇ ਲੈਣ ਦੇਣ, ਰਾਸ਼ਨ ਵੰਡ ਅਤੇ ਕਰੋਨਾ ਵਾਇਰਸ ਫੰਡ ਦੀ ਨਿਗਰਾਨੀ, ਨਿੱਜੀ ਖੇਤਰ ਵਿਚ ਲੱਗੇ ਮੁਲਾਜ਼ਮਾਂ, ਰਿਕਸ਼ਾ ਆਟੋ ਚਾਲਕਾਂ, ਪ੍ਰਾਈਵੇਟ ਟੈਕਸੀ ਤੇ ਬੱਸਾਂ ਦੇ ਡਰਾਇਵਰਾਂ ਕੰਡਕਟਰਾਂ ਨੂੰ ਆ ਰਹੀਆਂ ਸਮੱਸਿਆਵਾਂ, ਕਿਸਾਨਾਂ ਦੀਆਂ ਫਸਲਾਂ ਦੀ ਸਰਕਾਰੀ ਖਰੀਦ ਆਦਿ ਬਾਰੇ ਵਿਚਾਰਿਆ ਗਿਆ । ਮੀਟਿੰਗ ਵਿਚ ਮੰਗ ਕੀਤੀ ਗਈ ਕਿ ਇਸ ਕਰੋਨਾ ਬਿਮਾਰੀ ਕਾਰਨ ਕਾਰੋਬਾਰ ਬੰਦ ਹੋਏ ਹਨ ਤੇ ਲੋਕਾਂ ਨੂੰ ਆਮਦਨ ਦਾ ਕੋਈ ਸਾਧਨ ਨਹੀਂ ਜਿਸ ਕਾਰਨ ਲੋਕਾਂ ਦੇ ਬਿਜ਼ਲੀ ਦੇ ਬਿਲ ਮੁਆਫ ਕੀਤੇ ਜਾਣ । ਪ੍ਰਾਈਵੇਟ ਸਕੂਲਾਂ ਕਾਲਜਾਂ ਦੀਆਂ ਫੀਸਾਂ ਮਾਫ ਕੀਤੀਆਂ ਜਾਣ ਤੇ ਉਹਨਾਂ ਦੇ ਮੁਲਾਜ਼ਮਾਂ ਤੇ ਸਟਾਫ ਨੂੰ ਸਕੂਲਾਂ ਕਾਲਜਾਂ ਦੇ ਸਰਕਾਰ ਕੋਲ ਜਮਾਂ ਫੰਡਾਂ ਚੋਂ ਤਨਖਾਹਾਂ ਦਿੱਤੀਆਂ ਜਾਣ ਅਤੇ ਸਕੂਲਾਂ ਕਾਲਜ਼ਾਂ ਦੇ ਬਾਕੀ ਖਰਚੇ ਵੀ ਉਸ ਜਮਾਂ ਫੰਡ ਵਿੱਚੋਂ ਅਦਾ ਕੀਤੇ ਜਾਣ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਉਕਤ ਸਮੱਸਿਆਵਾਂ ਸੰਬੰਧੀ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿਚ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿਚ ਐਡਵੋਕੇਟ ਬਲਕਰਨ ਸਿੰਘ ਬੱਲ਼ੀ, ਹੰਸ ਰਾਜ ਮੋਫਰ, ਮੇਜਰ ਸਿੰਘ ਦੂਲੋਵਾਲ, ਕਾਮਰੇਡ ਕ੍ਰਿਸ਼ਨ ਚੌਹਾਨ, ਗੋਰਾ ਲਾਲ ਫਾਰਮਾਸਿਸਟ, ਚਿਮਨ ਲਾਲ, ਮਨਜੀਤ ਸਿੰਘ ਸਵਰਨਕਾਰ, ਰਵੀ ਖਾਨ, ਕਮਲ ਗੋਇਲ, ਕਰਨੈਲ ਸਿੰਘ ਮਾਨਸਾ ਆਦਿ ਆਗੂ ਹਾਜਰ ਸਨ।

LEAVE A REPLY

Please enter your comment!
Please enter your name here