ਮਾਨਸਾ 20 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) — ਨਗਰ ਕੋਂਸਲ ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੌਮਣੀ ਅਕਾਲੀ ਦਲ ਨੇ ਮਾਨਸਾ ਵਿੱਚ ਆਪਣੀ ਤਿਆਰੀ ਆਰੰਭ ਕਰਦਿਆਂ ਹੋਇਆਂ ਅੱਜ ਸਾਬਕਾ ਕੇਂਦਰੀ ਮੰਤਰੀ ਬੀਬਾ ਬਾਦਲ ਦੇ ਦਫਤਰ ਵਿਖੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸ਼ਹਿਰ ਦੇ 27 ਵਾਰਡਾਂ ਵਿੱਚ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਤੱਕੜੀ ਚੋਣ ਨਿਸ਼ਾਨ ਤੇ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਰਦਿਆਂ ਕਿਹਾ ਕਿ ਕੋਂਸਲਰਾਂ ਦੀ ਚੋਣ ਲੜਨ ਦੇ ਇਛੁੱਕ ਉਮੀਦਵਾਰ ਆਪਣੀਆਂ ਅਰਜੀਆਂ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਫਤਰ ਵਿਖੇ ਜਾਂ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੂੰ 22 ਦਸੰਬਰ ਤੱਕ ਜਮ੍ਹਾ ਕਰਵਾ ਸਕਦੇ ਹਨ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਪਾਰਟੀ ਆਪਣੀ ਇੱਛਾ ਅਨੁਸਾਰ ਵੀ ਉਮੀਦਵਾਰਾਂ ਨੂੰ ਚੋਣ ਲੜਾ ਸਕਦੀ ਹੈ। ਨਕੱਈ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕੋਈ ਵੀ ਸ਼ਹਿਰ ਵਿੱਚ ਵਿਕਾਸ ਕਾਰਜ ਨਹੀਂ ਕਰਵਾਏ ਗਏ ਜਦੋਂ ਕਿ ਇਹ ਚੋਣਾਂ ਧੱਕੇ ਨਾਲ ਕੈਪਟਨ ਸਰਕਾਰ ਜਿੱਤਣਾ ਚਾਹੁੰਦੀ ਹੈ। ਪਰ ਸ਼੍ਰੌਮਣੀ ਅਕਾਲੀ ਦਲ ਦੇ ਵਰਕਰਕ ਕਦੇ ਵੀ ਕੈਪਟਨ ਸਰਕਾਰ ਤੋਂ ਨਹੀਂ ਝੁਕਣਗੇ। ਜਿਕਰਯੋਗ ਇਹ ਹੈ ਕਿ ਸ਼੍ਰੌਮਣੀ ਅਕਾਲੀ ਦਲ ਦੇ ਵਰਕਰ ਇੱਕ-ਇੱਕ ਵਾਰਡ ਵਿੱਚੋਂ ਕਈ ਉਮੀਦਵਾਰ ਇਛੁੱਕ ਵੀ ਦੇਖੇ ਗਏ। ਇਸ ਮੌਕੇ ਜਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਜਿਲ੍ਹਾ ਯੂਥ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਬਿੱਕਰ ਸਿੰਘ ਮੰਘਾਣੀਆਂ, ਯੂਥ ਅਕਾਲੀ ਦਲ ਦੇ ਸੀਨੀਅਰੀ ਆਗੂ ਅਵਤਾਰ ਸਿੰਘ ਰਾੜਾ, ਗੁਰਪ੍ਰੀਤ ਸਿੰਘ ਸਿੱਧੂ, ਰਾਜ ਪੇਂਟਰ, ਕਾਕਾ ਮਠਾੜੂ, ਰਾਜਪਾਲ ਸਿੰਘ, ਮਨਦੀਪ ਸਿੰਘ ਖਿੱਲਣ ਆਦਿ ਹਾਜਰ ਸਨ।