-ਮਾਨਸਾ ਵਿਚ ਫਸੇ ਹੋਰਨਾ ਸੂਬਿਆਂ ਨਾਲ ਸਬੰਧਤ ਵਿਅਕਤੀ ਦੀ ਵਾਪਸ ਜਾਣ ਮੌਕੇ ਹੋਵੇਗੀ ਸਕਰੀਨਿੰਗ

0
181

ਮਾਨਸਾ, 03 ਮਈ (ਸਾਰਾ ਯਹਾ/ਬਲਜੀਤ ਸ਼ਰਮਾ) : ਨੋਵਲ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਪੈਦਾ ਹੋਏ ਵਿਸ਼ਵ ਸੰਕਟ ਵਿਚ ਪੰਜਾਬ ਸਰਕਾਰ ਦੁਆਰਾ ਪੰਜਾਬ ਵਿਚ ਫਸੇ ਬਾਹਰਲੇ ਸੂਬਿਆਂ ਨਾਲ ਸਬੰਧਤ ਵਿਅਕਤੀ ਜੋ ਵਾਪਸ ਆਪਣੇ ਸੂਬੇ, ਆਪਣੇ ਘਰ ਜਾਣ ਦੇ ਇੱਛੁਕ ਹਨ, ਉਨ੍ਹਾਂ ਲਈ ਇਕ ਵੈਬ ਪੋਰਟਲ www.covidhelp.punjab.gov.in ਜਾਰੀ ਕੀਤਾ ਗਿਆ ਹੈ, ਜਿਸ ਤੇ ਉਹ ਆਪਣਾ ਵੇਰਵਾ 3 ਮਈ 2020 ਸਵੇਰੇ 9 ਵਜੇ ਤੱਕ ਪ੍ਰੋਫਾਰਮੇ ਵਿਚ ਭਰ ਸਕਦੇ ਸਨ।
ਪ੍ਰਾਪਤ ਹੋਈਆਂ ਦਰਖ਼ਾਸਤਾਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 3 ਮਈ ਨੂੰ ਸਵੇਰੇ 9 ਵਜੇ ਤੱਕ ਕੁੱਲ 2308 ਵਿਅਕਤੀਆਂ ਦੀਆਂ ਦਰਖ਼ਾਸਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ ਬੁਢਲਾਡਾ ਦੇ 290, ਸਰਦੂਲਗੜ੍ਹ ਦੇ 394 ਅਤੇ ਮਾਨਸਾ ਦੇ 1624 ਵਿਅਕਤੀ ਸ਼ਾਮਿਲ ਹਨ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਵਾਪਸ ਇਨ੍ਹਾਂ ਦੇ ਸੂਬਿਆਂ ਵਿੱਚ ਭੇਜਣ ਤੋਂ ਪਹਿਲਾਂ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਕਰਵਾਈ ਜਾਵੇ।  
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਜਿਨ੍ਹਾਂ ਵੀ ਵਿਅਕਤੀਆਂ ਨੇ ਵੈਬਸਾਈਟ ‘ਤੇ ਜਾ ਕੇ ਖੁਦ ਨੂੰ ਰਜਿਸਟਰਡ ਕਰਵਾਇਆ ਹੈ, ਉਨ੍ਹਾਂ ਕੋਲ ਇੱਕ ਆਈ.ਡੀ. ਆਇਆ ਹੋਵੇਗਾ ਅਤੇ ਇਸ ਆਈ.ਡੀ. ਨੂੰ ਸਕਰੀਨਿੰਗ ਕਰਨ ਮੌਕੇ ਦਿੱਤੇ ਜਾਣੇ ਵਾਲੇ ਫਾਰਮ ਵਿੱਚ ਭਰਨਾ ਹੈ। ਉਨ੍ਹਾਂ ਕਿਹਾ ਕਿ ਮੋਬਾਇਲ ‘ਤੇ ਪ੍ਰਾਪਤ ਹੋਏ ਮੈਸੇਜ਼ ਨੂੰ ਹੀ ਆਪਣਾ ਪਾਸ ਸਮਝਿਆ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਕੇਵਲ ਉਨ੍ਹਾਂ ਹੀ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਹੋਵੇਗੀ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਦੀ ਸਕਰੀਨਿੰਗ ਨਹੀਂ ਕੀਤੀ ਜਾਵੇਗੀ।
ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਇਹ ਸਕਰੀਨਿੰਗ 4 ਮਈ 2020 ਨੂੰ ਕੀਤੀ ਜਾਵੇਗੀ ਜਿਸ ਲਈ ਜ਼ਿਲ੍ਹੇ ਦੀਆਂ ਸਬ-ਡਵੀਜ਼ਨਾਂ ਵਿੱਚ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਸਰਕਾਰੀ ਨਹਿਰੂ ਕਾਲਜ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸਕਰੀਨਿੰਗ ਕੀਤੀ ਜਾਵੇਗੀ। ਇਸੇ ਤਰ੍ਹਾਂ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਭਾਰਤ ਗੁਰੱਪ ਆਫ਼ ਕਾਲਜਿਜ਼ ਖੈਰਾ ਖੁਰਦ (ਸਰਦੂਲਗੜ੍ਹ) ਵਿਖੇ ਵੀ ਸਵੇਰੇ 9 ਵਜੇ ਤੋਂ 12 ਵਜੇ ਤੱਕ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ।  
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਡੀਕਲ ਸਕਰੀਨਿੰਗ ਹੋਣ ਤੋਂ ਬਾਅਦ ਮੈਡੀਕਲ ਟੀਮ ਵੱਲੋਂ ਸਬੰਧਤ ਵਿਅਕਤੀ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਉਹ ਆਈ.ਡੀ. ਲਿਖੀ ਜਾਵੇਗੀ ਜੋ ਤੁਹਾਨੂੰ ਰਜਿਸਟ੍ਰੇਸ਼ਨ ਸਮੇਂ ਪ੍ਰਾਪਤ ਹੋਈ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਮੈਡੀਕਲ ਸਕਰੀਨਿੰਗ ਮੌਕੇ ਹਰੇਕ ਵਿਅਕਤੀ ਦਾ ਮਾਸਕ ਪਾ ਕੇ ਆਉਣਾ ਲਾਜ਼ਮੀ ਹੈ।
ਮੀਟਿੰਗ ਦੌਰਾਨ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡੇਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਰਾਜਪਾਲ ਸਿੰਘ, ਡੀ.ਐਸ.ਪੀ. (ਡੀ) ਸ਼੍ਰੀ ਸਰਬਜੀਤ ਸਿੰਘ, ਜ਼ਿਲ੍ਹਾ ਵਿਕਾਸ ਤੇਪ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਿਸ਼ਿਸ਼ਟ ਅਤੇ ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here