*ਮਾਨਸਾ ਵਿਖੇ ਧਾਰਮਿਕ ਸੰਸਥਾਵਾਂ ਵੱਲੋਂ ਆਯੋਜਿਤ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪਾਂ ਨੂੰ ਸ਼ਰਧਾਲੂਆਂ ਵੱਲੋਂ ਭਰਵਾਂ ਹੁੰਗਾਰਾ*

0
46

ਮਾਨਸਾ, 18 ਅਪ੍ਰੈਲ  ( ਸਾਰਾ ਯਹਾਂ /ਮੁੱਖ ਸੰਪਾਦਕ) : ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿਖੇ ਕੋਵਿਡ ਟੀਕਾਕਰਨ ਕੈਂਪਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ ਤਾਂ ਜੋ ਛੇਤੀ ਤੋਂ ਛੇਤੀ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦਾ ਟੀਕਾਕਰਨ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਸੰਤ ਨਿਰੰਕਾਰੀ ਭਵਨ ਅਤੇ ਸਰਦੂਲਗੜ੍ਹ ਰੋਡ ’ਤੇ ਸਥਿਤ ਡੇਰਾ ਸੱਚਾ ਸੌਦਾ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਏ ਟੀਕਾਕਾਰਨ ਕੈਂਪਾਂ ਦਾ ਦੌਰਾ ਕਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੋਰੋਨਾ ਵਾਇਰਸ ਦੇ ਮਾਰੂ ਅਸਰਾਂ ਨੂੰ ਠੱਲ੍ਹ ਪਾਈ ਜਾਣੀ ਅਤਿ ਜ਼ਰੂਰੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਰੇ ਨਾਗਰਿਕ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਲਾਜ਼ਮੀ ਤੌਰ ’ਤੇ ਵੈਕਸੀਨੇਸ਼ਨ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਇਸ ਦੇ ਪ੍ਰਭਾਵ ਬੇਹੱਦ ਗੰਭੀਰ ਨਿਕਲਣਗੇ ਜਿਸ ਦਾ ਇਕੋ ਇੱਕ ਹੱਲ ਕੋਵਿਡ ਵੈਕਸੀਨੇਸ਼ਨ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਾਰਮਿਕ ਸਥਾਨਾਂ ਅਤੇ ਧਾਰਮਿਕ ਸੰਸਥਾਵਾਂ ਵਿਖੇ ਵਿਸ਼ੇਸ ਕੋਵਿਡ ਟੀਕਾਕਰਨ ਕੈਂਪ ਲਗਾਉਣ ਦਾ ਮੁੱਖ ਉਦੇਸ਼ ਸ਼ਰਧਾਲੂਆਂ ਦੀ ਸੁਵਿਧਾ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਟੀਕਾਕਰਨ ਕਰਵਾਉਣ ਲਈ ਹਸਪਤਾਲਾਂ ਵਿਖੇ ਜਾਣ ਦੀ ਜ਼ਰੂਰਤ ਨਾ ਪਵੇ।


ਮਾਨਸਾ ਸ਼ਹਿਰ ਵਿਖੇ ਸਥਿਤ ਸੰਤ ਨਿਰੰਕਾਰੀ ਭਵਨ ਵਿਖੇ ਆਯੋਜਿਤ ਟੀਕਾਕਰਨ ਕੈਂਪ ਦੌਰਾਨ ਬਜੁਰਗਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ  ਕੋਵਿਡ ਲੱਛਣ ਸਾਹਮਣੇ ਆਉਣ ’ਤੇ ਸਬੰਧਤ ਵਿਅਕਤੀ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਵਿਖੇ ਪਹੁੰਚ ਕਰਨ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲੱਗਣ ’ਤੇ ਇਲਾਜ਼ ਸ਼ੁਰੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਮਾਸਕ ਲਾਜ਼ਮੀ ਤੌਰ ’ਤੇ ਪਾ ਕੇ ਰੱਖਿਆ ਜਾਵੇ ਅਤੇ ਵਾਰ ਵਾਰ ਹੱਥ ਜ਼ਰੂਰ ਧੋਏ ਜਾਣ। ਉਨ੍ਹਾਂ ਸਮਾਜਿਕ ਦੂਰੀ ਸਮੇਤ ਹੋਰ ਸਿਹਤ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਇਸ ਮਾਰੂ ਵਾਇਰਸ ਦੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਬਚਿਆ ਜਾ ਸਕੇ।

ਇਸ ਦੌਰਾਨ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਵੈਕਸੀਨੇਸ਼ਨ ਕੋਵਿਡ ਦੀ ਰੋਕਥਾਮ ਲਈ ਰਾਮਬਾਣ ਵਾਂਗ ਹੈ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਜਮੀ ਤੌਰ ’ਤੇ ਇਹ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ 98 ਸਿਹਤ ਕੇਂਦਰਾਂ ਤੋਂ ਇਲਾਵਾ 4 ਪ੍ਰਾਈਵੇਟ ਹਸਪਤਾਲਾਂ ਵਿਖੇ ਇਹ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਮੂਹ ਸ਼ਹਿਰਾਂ ਵਿੱਚ ਕਾਰਜਸਾਧਕ ਅਧਿਕਾਰੀਆਂ ਅਤੇ ਪਿੰਡਾਂ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਕੋਈ ਵੀ ਯੋਗ ਨਾਗਰਿਕ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਰਾਏ ਵੀ ਮੌਜੂਦ ਸਨ। ਕੈਂਪ ਦੌਰਾਨ 370 ਲੋਕਾਂ ਲੋਕਾਂ ਨੇ ਟੀਕਾਕਰਨ ਕਰਵਾਇਆ।

NO COMMENTS