ਮਾਨਸਾ- 17 ਅਕਤੂਬਰ (ਸਾਰਾ ਯਹਾ/ਬਲਜੀਤ ਪਾਲ) – ਮਾਨਸਾ ਵਾਸੀਆਂ ਨੂੰ ਡੇਂਗੂ ਨੇ ਕਰੋਨਾ ਤੋਂ ਵੀ ਜ਼ਿਆਦਾ ਡਰਾ ਰੱਖਿਆ ਹੈ। ਅੱਜ ਜਦੋਂ ਗਿਆਰਾਂ ਵਜੇ ਮਾਨਸਾ ਦੇ ਮੁੱਖ ਸ਼ਮਸ਼ਾਨ-ਘਾਟ ‘ਚ ਇੱਕੋ ਵੇਲੇ ਅੱਠ ਚਿਤਾਵਾਂ ਬਲ ਰਹੀਆਂ ਸਨ ਤਾਂ ਮ੍ਰਿਤਕਾਂ ਨਾਲ ਆਏ ਸ਼ਰਿਹੀ ਦੁੱਖ ਦੇ ਨਾਲ ਨਾਲ ਡੇਂਗੂ ਦੇ ਪ੍ਰਕੋਪ ਤੋਂ ਵੀ ਡਰੇ ਹੋਏ ਸਨ। ਮ੍ਰਿਤਕਾਂ ਵਿੱਚ ਦੋ ਵਿਆਕਤੀ ਡੇਂਗੂ ਕਾਰਨ ਮੌਤ ਦੇ ਮੂੰਹ ਪਏ ਸਨ ਤੇ ਇੱਕ ਦੀ ਮੌਤ ਕਰੋਨਾ ਕਾਰਨ ਹੋਈ ਦੱਸੀ ਜਾਂਦੀ ਹੈ। ਮੌਕਾ ਮੇਲ ਇਸ ਗੱਲ ਵਿੱਚ ਵੀ ਸੀ ਕਿ ਜਦੋਂ ਅੱਠ ਮ੍ਰਿਤਕਾਂ ਦੇ ਸਿਵੇ ਬਲ ਰਹੇ ਸਨ ਤਾਂ ਉਸੇ ਵਕਤ ਸ਼ਮਸ਼ਾਨ-ਘਾਟ ‘ਚ ਲੰਬੇ ਸਮੇਂ ਤੋਂ ਮ੍ਰਿਤਕਾਂ ਦਾ ਸਸਕਾਰ ਕਰਨ ਵਾਲੇ ਸੇਵਾਦਾਰ ਰਾਜਾ ਰਾਮ ਦੀ ਧੀ ਦੇ ਵਿਆਹ ਦੀਆਂ ਰਸਮਾਂ ਵੀ ਚੱਲ ਰਹੀਆਂ ਸਨ। ਡੇਂਗੂ ਕਾਰਨ ਮਰਨ ਵਾਲਿਆਂ ‘ਚ ਲੱਲੂਆਣਾ ਰੋਡ ਦੇ ਇੱਕ ਕੱਪੜਾ ਵਿਕਰੇਤਾ ਦੇ ਨਾਲ ਚੇਤ ਸਿੰਘ ਨਾਮੀ ਵਿਆਕਤੀ ਵੀ ਸ਼ਾਮਿਲ ਸੀ। ਸ਼ਮਸ਼ਾਨ-ਘਾਟ ‘ਚ ਇੱਕ ਰਿਸ਼ਤੇਦਾਰ ਦਾ ਸਸਕਾਰ ਕਰਨ ਗਏ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜਦੋਂ ਦੁਪਹਿਰ ਵਕਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚੋਂ ਮ੍ਰਿਤਕਾਂ ਨਾਲ ਆਏ ਸੈਂਕੜਿਆਂ ਦੀ ਗਿਣਤੀ ਲੋਕਾਂ ਨੇ ਇਹ ਮੰਜਰ ਵੇਖਿਆ ਤਾਂ ਗ਼ਮਗੀਨ ਲੋਕਾਂ ‘ਚ ਵੱਖਰੀ ਕਿਸਮ ਦਾ ਭੈਅ ਸੀ। ਜਿਕਰਯੋਗ ਹੈ ਕਿ ਸ਼ਹਿਰ ਵਿੱਚ ਸੈਂਕੜਿਆਂ ਦੀ ਗਿਣਤੀ ਡੇਂਗੂ ਮਰੀਜ ਹਨ ਅਤੇ ਹਰ ਰੋਜ ਕਿਸੇ ਨਾ ਕਿਸੇ ਵਿਆਕਤੀ ਦੀ ਮੌਤ ਹੋ ਰਹੀ ਹੈ ਜਾਂ ਹਾਲਤ ਗੰਭੀਰ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ‘ਚ ਬਾਹਰੋਂ ਆਏ ਕੁੱਝ ਪ੍ਰਾਈਵੇਟ ਡਾਕਟਰ ਡੇਂਗੂ ਪੀੜਤਾਂ ਨੂੰ ਡਰਾ ਰਹੇ ਹਨ। ਜਾਣਕਾਰੀ ਮੁਤਾਬਿਕ ਕਈ ਡਾਕਟਰ ਗੰਭੀਰ ਹਾਲਤ ਵਾਲੇ ਮਰੀਜਾਂ ਨੂੰ ਲਗਾਏ ਜਾਣ ਵਾਲੇ ਸੈੱਲਾਂ ਦੇ ਛੇ ਤੋਂ ਅੱਠ ਯੂਨਿਟ ਲਿਖ ਰਹੇ ਹਨ ਜਦੋਂ ਕਿ ਇੱਕ ਮਰੀਜ ਨੂੰ ਰਾਤ ਵਕਤ ਸਿਰਫ ਦੋ ਯੂਨਿਟ ਹੀ ਲਗਾਏ ਜਾ ਸਕਦੇ ਹਨ। ਸਹਾਇਕ ਮਲੇਰੀਆ ਅਫਸਰ ਕੇਵਲ ਸਿੰਘ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿੱਚ ਡੋਂਗੀ ਪੀੜਤਾਂ ਦੀ ਗਿਣਤੀ 216 ਤੱਕ ਪੁੱਜ ਗਈ ਹੈ।