
ਮਾਨਸਾ, 08 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ:ਨਰਿੰਦਰ ਭਾਰਗਵ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੋਰਨਾ ਵਾਇਰਸ ਤੋਂ ਪ੍ਰਭਾਵਿਤ ਜਾਂ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਸਾਇੰਟੀਫਿਕ ਢੰਗ ਤਰੀਕਿਆ ਨਾਲ ਟੈਲੀ-ਮੋਨੀਟਰਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਸੰਪਰਕਾਂ ਦੀ ਲਾਈਨ-ਲਿਸਟਿੰਗ ਕਰਕੇ ਚੈਨ ਬਣਾਈ ਜਾ ਰਹੀ ਹੈ, ਤਾਂ ਜੋ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਆਕਤੀਆਂ ਨੂੰ ਟਰੇਸ ਕਰਕੇ ਉਨ੍ਹਾਂ ਦਾ ਚੈਕਅੱਪ ਕਰਵਾ ਕੇ ਜ਼ਿਲ੍ਹੇ ਅੰਦਰ ਇਸਦੇ ਸੰਚਾਰ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।
ਵਿਲੇਜ ਪੁਲਿਸ ਅਫਸਰ ਅਤੇ ਸਵੈ-ਸਹਾਇਤਾ ਕਮੇਟੀਆਂ ਵੱਲੋਂ ਜ਼ਿਲ੍ਹਾ ਅੰਦਰ ਅਸਰਦਾਰ ਢੰਗ ਨਾਲ ਕਰਫਿਊ ਨੂੰ ਲਾਗੂ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਬਲਿਕ ਦੀ ਸੁਰੱਖਿਆਂ ਲਈ ਅਤੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਨਾਉਣ ਲਈ ਫਲੈਗ ਮਾਰਚ, ਰੋਡ ਮਾਰਚ ਅਤੇ ਨਾਕਾਬੰਦੀਆਂ ਲਗਾਤਾਰ ਜਾਰੀ ਹਨ ਅਤੇ ਲਾਊਡ ਸਪੀਕਰਾਂ ਰਾਹੀਂ ਪਬਲਿਕ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਾਵਧਾਨੀਆਂ ਦੀ ਵਰਤੋਂ ਕਰਕੇ ਇਸ ਵਾਇਰਸ ਤੋਂ ਬਚਾਅ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਪ੍ਰਸਾਸ਼ਨ ਵੱਲੋਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਨੂੰ ਲੋੜਵੰਦਾਂ ਕੋਲ ਘਰੋ-ਘਰੀਂ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਦੀ ਮਦਦ ਨਾਲ ਗਰੀਬਾਂ, ਮਜਦੂਰਾਂ ਅਤੇ ਬੇਸਹਾਰਾ ਵਿਅਕਤੀਆਂ ਲਈ ਭੋਜਨ ਤੇ ਰੋਜ਼ਾਨਾਂ ਵਰਤੋਂ ਵਾਲਾ ਸਮਾਨ ਵੀ ਘਰ-ਘਰ ਜਾ ਕੇ ਮੁਫਤ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੀ ਪ੍ਰੇਰਣਾ ਸਦਕਾ ਅੱਜ ਸ਼ਹਿਰ ਮਾਨਸਾ ਦੀਆ 2 ਸਮਾਜਸੇਵੀ ਸੰਸਥਾਵਾਂ (ਸ੍ਰੀ ਸ਼ਿਵ ਸ਼ੰਕਰ ਸੇਵਾ ਦਲ ਮਾਨਸਾ ਅਤੇ ਨੌਜਵਾਨ ਅਰੋੜਾ ਵੰਸ਼ ਮਾਨਸਾ) ਵੱਲੋਂ ਪਸ਼ੂਆ ਅਤੇ ਬੇਸ਼ਹਾਰਾ ਗਊਆਂ ਲਈ 2 ਗੱਡੀਆਂ ਕੁਤਰਾ ਕੀਤਾ ਹੋਇਆ ਹਰਾ ਚਾਰਾ ਪਾਇਆ ਗਿਆ ਅਤੇ ਬੇਸਹਾਰਾ ਕੁੱਤਿਆ ਲਈ ਦੁੱਧ ਤੇ ਖਾਣਾ, ਬਾਦਰਾਂ ਲਈ ਕੇਲੇ ਅਤੇ ਪੰਛੀਆਂ ਲਈ ਚੋਗਾ-ਦਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਸਮਾਜਸੇਵੀ ਸੰਸਥਾਵਾਂ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਕਰਫਿਊ ਦੌਰਾਨ ਉਹ ਹਰ ਰੋਜ 6 ਗੱਡੀਆਂ ਹਰਾ ਚਾਰਾ ਅਤੇ ਕੁੱਤਿਆਂ, ਬਾਂਦਰਾਂ ਤੇ ਪੰਛੀਆਂ ਲਈ ਖਾਣੇ ਆਦਿ ਦਾ ਪ੍ਰਬੰਧ ਨਿਯਮਤ ਤੌਰ ‘ਤੇ ਕਰਦੇ ਰਹਿਣਗੇ ਅਤੇ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਕਰਨਗੇ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵਾਇਰਸ ਦੀ ਰੋਕਥਾਮ ਸਬੰਧੀ ਵਹੀਕਲਾਂ ਅਤੇ ਜਨਤਕ ਥਾਵਾਂ, ਬਾਜ਼ਾਰਾਂ ਆਦਿ ਥਾਵਾਂ ਨੂੰ ਦਵਾਈ ਦਾ ਛਿੜਕਾਅ ਕਰਵਾ ਕੇ ਸੈਨੀਟਾਈਜ਼ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੇ ਡਿਊਟੀ ਪੁਆਇੰਟਾਂ ‘ਤੇ ਜਾ ਕੇ ਖਾਣਾ ਤੇ ਫਲ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਦਾ ਹੌਂਸਲਾ ਵਧਾਇਆ ਜਾ ਰਿਹਾ ਹੈ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਪੁਲਿਸ ਪ੍ਰਸਾਸ਼ਨ ਵੱਲੋਂ ਆਮ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਖੇ ਲਗਾਏ ਗਏ ਕਰਫਿਊ ਦੀ ਉਲੰਘਣਾ ਸਬੰਧੀ ਮਿਤੀ 23 ਮਾਰਚ 2020 ਤੋਂ ਅੱਜ ਤੱਕ ਅ/ਧ 269, 188 ਹਿੰ:ਦੰ: ਤਹਿਤ 82 ਮੁਕੱਦਮੇ ਦਰਜ ਕਰਕੇ 182 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 26 ਵਹੀਕਲਾਂ ਨੂੰ ਪੁਲਿਸ ਵੱਲੋਂ ਕਬਜੇ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਾ ਅ/ਧ 207 ਮੋਟਰ ਵਹੀਕਲ ਐਕਟ ਤਹਿਤ ਅੱਜ ਤੱਕ ਕੁੱਲ 266 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ।

