
ਚੰਡੀਗੜ੍ਹ 27 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫਤਾਰ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੱਜ 14 ਦਿਨਾਂ ਦੀ ਨਿਆਂਇਕ ਹਿਰਾਸਤ ਪੂਰੀ ਹੋਣ ਮਗਰੋਂ ਮੁਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।
ਇਸ ਦੌਰਾਨ ਧਰਮਸੋਤ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।ਦੱਸ ਦੇਈਏ ਕਿ ਧਰਮਸੋਤ ਜੰਗਲਾਤ ਮੰਤਰੀ ਰਹਿ ਚੁੱਕੇ ਹਨ।ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰਕੇ ਰਿਮਾਂਡ ‘ਤੇ ਲਿਆ ਹੈ। ਧਰਮਸੋਤ ਦੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ‘ਤੇ ਵੀ ਕਰੋੜਾਂ ਦੇ ਘੁਟਾਲੇ ਦੇ ਆਰੋਪ ਲੱਗੇ ਹਨ।
ਚੰਨੀ ਸਰਕਾਰ ‘ਚ ਮੰਤਰੀ ਰਹਿ ਚੁੱਕੇ ਸੰਗਤ ਸਿੰਘ ਗਿਲਜੀਆਂ ਦੀ ਵੀ ਵਿਜੀਲੈਂਸ ਭਾਲ ਕਰ ਰਹੀ ਹੈ। ਉਨ੍ਹਾਂ ‘ਤੇ ਵੀ ਕਰੀਬ ਸਵਾ 6 ਕਰੋੜ ਦੇ ਘਪਲੇ ਦੇ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਓ. ਐੱਸ. ਡੀ. ਰਿਮਾਂਡ ‘ਤੇ ਹੈ। ਸਾਧੂ ਸਿੰਘ ਧਰਮਸੋਤ ਨਾਲ ਕੈਦੀਆਂ ਵਾਲੀ ਵੈਨ ਵਿੱਚ ਉਨ੍ਹਾਂ ਦੇ ਓਐਸਡੀ ਚਮਕੌਰ ਸਿੰਘ ਵੀ ਨਾਲ ਸਨ। ਪਿਛਲੀ ਸੁਣਵਾਈ ਦੌਰਾਨ ਵੀ ਅਦਾਲਤ ਨੇ ਧਰਮਸੋਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ।
