
26 ਮਾਰਚ ਝੁਨੀਰ/ਸਰਦੂਲਗੜ੍ਹ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਦੇਸ਼ ਨੂੰ ਫਿਰਕਾਪ੍ਰਸਤੀ ਵੱਲ ਧੱਕ ਕੇ ਭਾਈਚਾਰਕ ਸਾਂਝ ਨੂੰ ਵੰਡਣ ਵਾਲੀ ਆਰ ਐਸ ਐਸ ਤੇ ਭਾਜਪਾ ਇਕ ਵਾਰ ਫਿਰ ਦੇਸ਼ ਦੀ ਰਾਜਸੱਤਾ ਤੇ ਕਾਬਜ਼ ਹੋਣ ਲਈ ਤਰਲੋ ਮੱਛੀ ਹੋ ਰਹੀ ਹੈ। ਕਿਉਂਕ ਜਿਸ ਤਰ੍ਹਾਂ ਲੋਕਤੰਤਰ ਤੇ ਸੰਵਿਧਾਨਕ ਸੰਸਥਾਵਾਂ ਦੀ ਮਰਿਆਦਾ ਨੂੰ ਭੰਗ ਕਰ ਗੈਰ ਕਾਨੂੰਨੀ ਤਰੀਕੇ ਅਪਣਾਏ ਜਾ ਰਹੇ ਹਨ ਉਹਨਾਂ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਹਾਲ ਨਹੀਂ ਰੱਖਿਆ ਜਾ ਸਕਦਾ।ਇਸ ਲਈ ਭਾਜਪਾ ਤੇ ਆਰਐਸਐਸ ਮੁਕਤ ਭਾਰਤ ਦੀ ਸਿਰਜਣਾ, ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸੋਚ ਤੇ ਪਹਿਰਾ ਦੇਣਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਬਾਜੇਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਮੌਕੇ ਸੀ ਪੀ ਆਈ ਵੱਲੋਂ ਕੀਤੀ ਗਈ ਸ਼ਹੀਦੀ ਕਾਨਫਰੰਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਲੋਕਾਂ ਦੇ ਇਤਿਹਾਸ ਤੋਂ ਦੂਰੀ ਬਣਾਉਣੀ ਤੇ ਮਨੂੰ ਸਮ੍ਰਿਤੀ ਲਾਗੂ ਕਰਨ ਲਈ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ।
ਕਮਿਊਨਿਸਟ ਆਗੂ ਨੇ ਭ੍ਰਿਸ਼ਟਾਚਾਰ ਵਿੱਚ ਲਿਪਤਿੱਪ ਭਾਜਪਾ ਆਪਣੀਆਂ ਵਿਰੋਧੀ ਧਿਰਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਈ ਡੀ ਤੇ ਸੀਬੀਆਈ ਦੇ ਸਹਾਰੇ ਜੇਲਾਂ ਵਿੱਚ ਬੰਦ ਕਰ ਰਹੀ ਹੈ ਜਦੋਂ ਕਿ ਇਲੈਕਸ਼ਨ ਬੌਂਡ ਦੇ ਨਾਂ ਹੇਠ ਕੀਤੇ ਭ੍ਰਿਸ਼ਟਾਚਾਰ ਛੁਪਾਉਣ ਨਾਮਾਂ ਨੂੰ ਜਨਤਕ ਨਹੀਂ ਕੀਤਾ।
ਉਹਨਾਂ ਨੋਜਵਾਨ, ਕਿਸਾਨ ਮਜ਼ਦੂਰ ਮੁਲਾਜ਼ਮ ਤੇ ਆਮ ਵਰਗਾਂ ਦੇ ਹਿੱਤਾਂ ਲਈ ਰੁਜ਼ਗਾਰ, ਵਪਾਰ, ਖੇਤੀ ਤੇ ਕਰਜ਼ਾ ਮੁਕਤ ਲੋਕ ਪੱਖੀ ਸਰਕਾਰ ਲਿਆਉਣ ਦੀ ਅਪੀਲ ਕੀਤੀ।
ਇਸ ਮੌਕੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਨੋਜਵਾਨ ਵਰਗ ਨੂੰ ਨਸ਼ਿਆਂ ਤੇ ਬੇਰੁਜਗਾਰੀ ਮੁਕਤ ਕਰਨ ਲਈ ਪਾਰਲੀਮੈਂਟ ਵਿੱਚ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਸਥਾਪਨਾ ਕਰਨ ਦੀ ਮੰਗ ਨੂੰ ਸਮੇਂ ਦੀ ਲੋੜ ਦੱਸਿਆ।ਤੇ ਨੋਜਵਾਨ ਵਰਗ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਖੁਦ ਜਥੇਬੰਦ ਹੋ ਕੇ ਰਾਜਨੀਤਕ ਅੱਗੇ ਆਉਣ ਦੀ ਅਪੀਲ ਕੀਤੀ।
ਕਾਨਫਰੰਸ ਬ੍ਰਾਂਚ ਸਕੱਤਰ ਸਾਥੀ ਜੱਗਾ ਸਿੰਘ, ਬੂਟਾ ਸਿੰਘ ਦੀ ਅਗਵਾਈ ਤੇ ਧੰਨਾ ਸਿੰਘ ਤੇ ਜੋਗਿੰਦਰ ਕੌਰ ਦੇ ਪ੍ਰਧਾਨਗੀ ਮੰਡਲ ਹੇਠ ਹੋਈ।ਇਸ ਸਮੇਂ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੀ ਨਾਟਕ ਮੰਡਲੀ ਵੱਲੋਂ ਇਨਕਲਾਬੀ ਨਾਟਕ ,ਗੀਤ ਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।
ਕਾਨਫਰੰਸ ਦੌਰਾਨ ਵੱਖ ਵੱਖ ਸ਼ਖ਼ਸੀਅਤਾਂ ਮਨਜੀਤ ਕੌਰ ਔਲਖ ਅਦਾਕਾਰ ਤੇ ਉੱਘੇ ਰੰਗਕਰਮੀ,ਉੱਘੇ ਨਾਟਕਕਾਰ ਬਲਰਾਜ ਮਾਨ , ਕਾਮਰੇਡ ਧਰਮ ਸਿੰਘ ਫੱਕਰ ਦੇ ਪਰਿਵਾਰ ,ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਦੇ ਪਰਿਵਾਰ , ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂ ਬਾਬਾ ਕੇਵਲ ਦਾਸ ਡੇਰਾ ਮੁੱਖੀ ਹੱਕਤਾਲਾ ਸਰਦੂਲਗੜ੍ਹ , ਬਾਬਾ ਲੱਛਮਣ ਮੁਨੀ ਜੀ, ਕਾਮਰੇਡ ਕਰਤਾਰ ਸਿੰਘ ਰੋੜਕੀ,ਕੁੰਦਨ ਲਾਲ ਹੀਰਕੇ, ਜਗਸੀਰ ਸਿੰਘ ਕੁਸਲਾ ਅਤੇ ਕਮਿਊਨਿਸਟ ਲਹਿਰ ਤੇ ਪੈਪਸੂ ਮੁਜਾਰਾ ਲਹਿਰ ਵਿੱਚ ਯੋਗਦਾਨ ਪਿੰਡ ਬਾਜੇਵਾਲਾ ਦੇ ਕਮਿਊਨਿਸਟ ਦੇ ਪਰਿਵਾਰਾ ਦਾ ਸਨਮਾਨ ਕੀਤਾ ਗਿਆ। ਕਾਨਫਰੰਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰੂਪ ਸਿੰਘ ਢਿੱਲੋਂ, ਜਗਰਾਜ ਸਿੰਘ ਹੀਰਕੇ,ਸਾਧੂ ਸਿੰਘ ਰਾਮਾਨੰਦੀ,ਲਾਭ ਸਿੰਘ ਭੰਮੇ , ਕਰਨੈਲ ਸਿੰਘ ਭੀਖੀ, ਗੁਰਪਿਆਰ ਫੱਤਾ, ਗੁਰਬਖਸ਼ ਸਿੰਘ ਜਟਾਣਾ, ਰਾਜ ਸਿੰਘ ਧਿੰਗੜ, ਬਲਵਿੰਦਰ ਕੋਟ ਧਰਮੂ, ਕਾਮਰੇਡ ਨਾਜਰ ਸਿੰਘ ਜੌੜਕੀਆ , ਜੱਗਾ ਸਿੰਘ ਰਾਏਪੁਰ ਆਦਿ ਨੇ ਸੰਬੋਧਨ ਕੀਤਾ
ਪ੍ਰੋਗਰਾਮ ਦੀ ਸਫਲਤਾ ਲਈ ਬੂਟਾ ਸਿੰਘ ਮਿਸਤਰੀ, ਮੰਦਰ ਸਿੰਘ,ਗਿੰਦਰ ਸਿੰਘ, ਰਾਜਪਾਲ ਸਿੰਘ, ਗੁਰਤੇਜ ਸਿੰਘ, ਨਾਇਬ ਸਿੰਘ, ਆਦਿ ਆਗੂਆਂ ਨੇ ਵਿਸ਼ੇਸ਼ ਸਹਿਯੋਗ ਕੀਤਾ ।
