ਬੁਢਲਾਡਾ 29 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) ਚੋਣ ਸਰਗਰਮੀਆਂ ਦੌਰਾਨ ਵਿਧਾਨ ਸਭਾ ਹਲਕਾ ਬੁਢਲਾਡਾ ਅੰਦਰ ਟਕਸਾਲੀ ਭਾਜਪਾ ਵਰਕਰਾਂ ਨੇ ਮੌਜੂਦਾਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਦੀ ਕਾਰਗੁਜਾਰੀ ਦੇ ਖਿਲਾਫ ਲਕੀਰ ਖਿਚਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ ਖਰੀਆ ਖਰੀਆ ਸੁਣਾ ਦਿੱਤੀਆਂ ਕਿ ਜਿਲ੍ਹਾ ਪ੍ਰਧਾਨ ਨੇ ਕਿਸ ਤਰ੍ਹਾਂ ਟਕਸਾਲੀ ਵਰਕਰਾਂ ਨੂੰ ਖੁਡੇਲਾਇਨ ਲਾਉਂਦਿਆਂ ਪਾਰਟੀ ਦੀਆਂ ਹਰ ਗਤੀਵਿਧੀਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਹਾਜਰ ਵਰਕਰਾਂ ਨੇ ਐਲਾਨ ਕੀਤਾ ਕਿ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਉਹ ਇਨ੍ਹਾਂ ਚੋਣਾਂ ਚ ਕੰਮ ਨਹੀਂ ਕਰਨਗੇ। ਇਸ ਮੌਕੇ ਤੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਵਰਕਰਾਂ ਦਾ ਗੁੱਸਾ ਸ਼ਾਂਤ ਕਰਦਿਆਂ ਕਿਹਾ ਕਿ ਉਹ ਜਲਦ ਹੀ ਇਹ ਸਾਰੀ ਜਾਣਕਾਰੀ ਪਾਰਟੀ ਹਾਈਕਮਾਂਡ ਤੱਕ ਪਹੁੰਚਾ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਾਣ ਸਨਮਾਣ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੂੰ ਮੁੜ ਸੱਤਾ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਸਿਆਸੀ ਪਾਰਟੀ ਹੈ ਜਿਸ ਨੇ ਕਰੋਨਾ ਕਾਲ ਦੌਰਾਨ ਮਰ ਰਹੇ ਲੋਕਾਂ ਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬਾਂਹ ਫੜਦਿਆਂ ਉਨ੍ਹਾਂ ਦੀਆਂ ਜਾਨਾਂ ਨੂੰ ਸੁਰੱਖਿਅਤ ਕੀਤਾ ਉਥੇ ਵਿਸ਼ਵ ਪੱਧਰ ਤੇ ਵੈਕਸੀਨ ਟੀਕਾਕਰਨ ਕਰਕੇ ਵਿਸ਼ਵ ਭਰ ਵਿੱਚ ਰਿਕਾਰਡ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਅੱਜ਼ ਭਾਰਤ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਦਾ ਸਭ ਤੋਂ ਮਜਬੂਤ ਲੋਕਤੰਤਰ ਵਾਲਾ ਦੇਸ਼ ਹੈ। ਇਸ ਮੌਕੇ ਤੇ ਜਨਕ ਰਾਜ ਬਾਂਸਲ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਵਿਨੋਦ ਗਰਗ, ਕੌਂਸਲਰ ਪ੍ਰੇਮ ਗਰਗ, ਸੰਜੀਵ ਬਾਂਸਲ, ਅਮ੍ਰਿਤ ਲਾਲ, ਮਹਿੰਦਰਪਾਲ ਮੰਗਲਾ, ਪੁਨੀਤ ਗੋਇਲ, ਕ੍ਰਿਸ਼ਨ ਕੁਮਾਰ ਬੱਬੂ, ਦੇਵਰਾਜ ਗਰਗ, ਅਮਨਦੀਪ ਗੁਰੂ, ਕੁਸ਼ਦੀਪ ਸ਼ਰਮਾਂ, ਦਿਨੇਸ਼ ਕੁਮਾਰ ਨੇ ਕਿਹਾ ਕਿ ਉਹ ਭਾਜਪਾ ਦੀ ਮਜਬੂਤੀ ਲਈ ਹਰ ਸਮੇਂ ਤਿਆਰ ਹਨ।
ਦੂਸਰੇ ਪਾਸੇ ਇਸ ਸੰਬੰਧੀ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਹਰ ਵਰਕਰ ਨੂੰ ਨਾਲ ਲੈ ਕੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਗਿੱਲੇ ਸ਼ਿਕਵਿਆਂ ਦਾ ਸਮਾਂ ਨਹੀਂ ਹੈ ਚੋਣਾਂ ਦੀ ਜੰਗ ਲੱਗ ਚੁੱਕੀ ਹੈ, ਮੈਂ ਬਤੌਰ ਜਿਲ੍ਹਾ ਪ੍ਰਧਾਨ ਕਿਸੇ ਵੀ ਵਰਕਰ ਦੇ ਨਿੱਜੀ ਖਿਲਾਫ ਨਹੀਂ ਹਾਂ। ਵਰਕਰ ਮੇਰੀ ਪਾਰਟੀ ਦੀ ਰੀੜ ਦੀ ਹੱਡੀ ਹਨ। ਮੈਂ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ।