ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਕਿਹਾ ‘ਝੂਠਾ’, ਗੁਮਰਾਹਕੁਨ ਬਿਆਨਬਾਜ਼ੀ ਦੇ ਵੀ ਲਾਏ ਇਲਜ਼ਾਮ

0
24

ਚੰਡੀਗੜ੍ਹ 16 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਖੇਤੀ ਆਰਡੀਨੈਂਸਾਂ ਬਾਰੇ ਸੁਖਬੀਰ ਸਿੰਘ ਬਾਦਲ ‘ਤੇ ਗੁਮਰਾਹਕੁਨ ਬਿਆਨਬਾਜ਼ੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਝੂਠਾ ਅਤੇ ਗੱਪੀ ਦੱਸਦਿਆਂ ਕਿਹਾ ਕਿ ਆਰਡੀਨੈਂਸਾਂ ਬਾਰੇ ਹੋਛੀ ਬਿਆਨਬਾਜ਼ੀ ਕਰਕੇ ਸੰਸਦ ਦੀ ਗਰਿਮਾ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਖੇਤੀ ਆਰਡੀਨੈਂਸਾਂ ਦੀ ਜ਼ੋਰਦਾਰ ਵਕਾਲਤ ਕਰਦੇ ਆ ਰਹੇ ਬਾਦਲ ਅਚਾਨਕ ਵਿਰੋਧ ਕਰਨ ਲੱਗੇ ਹਨ, ਪਰ ਅਸਲੀਅਤ ‘ਚ ਇਹ ਵਿਰੋਧ ਦਿਖਾਵੇ ਅਤੇ ਛੱਲ ਤੋਂ ਵਧ ਕੇ ਕੁੱਝ ਵੀ ਨਹੀਂ।

ਮਾਨ ਨੇ ਕਿਹਾ ਕਿ ਬਾਦਲਾਂ ਵੱਲੋਂ ਜਿਵੇਂ ਪਹਿਲਾਂ ਖੇਤੀ ਆਰਡੀਨੈਂਸਾਂ ਦੇ ਹੱਕ ‘ਚ ਬੋਲ-ਬੋਲ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ, ਉਸੇ ਤਰਾਂ ਹੁਣ ਵਿਰੋਧ ਦਾ ਦਿਖਾਵਾ ਵੀ ਗੁਮਰਾਹ ਹੀ ਹੈ।ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ‘ਚੋਂ ਮੰਗਲਵਾਰ ਨੂੰ ਪੇਸ਼ ਹੋਏ ਜ਼ਰੂਰੀ ਵਸਤੂਆਂ (ਸੋਧ) ਬਿਲ-2020 ਦੇ ਵਿਰੋਧ ‘ਚ ਵੋਟ ਪਾਉਣ ਦੇ ਦਾਅਵੇ ਨੂੰ ਕੋਰਾ ਝੂਠ ਕਰਾਰ ਦਿੱਤਾ।

ਮਾਨ ਨੇ ਕਿਹਾ, ” ਪਹਿਲੀ ਗੱਲ ਤਾਂ ਕੱਲ੍ਹ ਜ਼ਰੂਰੀ ਵਸਤੂਆਂ ਸੋਧ ਬਿੱਲ ‘ਤੇ ਵੋਟਿੰਗ ਹੀ ਨਹੀਂ ਕਰਵਾਈ ਗਈ। ਸਪੀਕਰ ਵੱਲੋਂ ‘ਜੋ ਹੱਕ ‘ਚ ਹਨ ਉਹ ਹਾਂ ਕਹਿਣ ਅਤੇ ਜੋ ਵਿਰੋਧ ‘ਚ ਹਨ ਉਹ ਨਾ ਕਹਿਣ” ਮੁਤਾਬਿਕ ਇਹ ਬਿਲ ਪਾਸ ਕੀਤਾ ਗਿਆ। ਇਸ ਮੌਕੇ ਦੀ ਅਸਲੀਅਤ ਇਹ ਰਹੀ ਕਿ ਸੁਖਬੀਰ ਸਿੰਘ ਬਾਦਲ ਕੋਲੋਂ ਨਾ ਹਾਂ ਕਹੀ ਗਈ ਅਤੇ ਨਾ ਨਾਂਹ ਕਹੀ ਗਈ। ਜਦਕਿ ਮੈਂ ਬੁਲੰਦ ਆਵਾਜ਼ ‘ਚ ਬਿਲ ਦੇ ਵਿਰੋਧ ‘ਚ ਨਾਂਹ ਬੋਲੀ “-

ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਦੀ ਇਸ ਦੋਗਲੀ ਨੀਤੀ, ਝੂਠ-ਫ਼ਰੇਬ ਅਤੇ ਕੁਰਸੀ ਬਚਾਉ ਮੁਹਿੰਮ ਬਾਰੇ 17 ਸਤੰਬਰ ਨੂੰ ਆਮ ਆਦਮੀ ਪਾਰਟੀ ਵੱਲੋਂ ਟਰੈਕਟਰ ਮਾਰਚ ਰਾਹੀਂ ਬਾਦਲ ਪਿੰਡ ‘ਚ ਜਾ ਕੇ ਹਿਸਾਬ ਮੰਗਿਆ ਜਾਵੇਗਾ।

LEAVE A REPLY

Please enter your comment!
Please enter your name here