
ਬੁਢਲਾਡਾ 1 ਜੂਨ(ਸਾਰਾ ਯਹਾਂ/ਅਮਨ ਮਹਿਤਾ):ਸਥਾਨਕ ਸ਼ਹਿਰ ਦੇ ਵਾਰਡ ਨੰਬਰ 5 ਦੇ ਲੰਬੇ ਸਮੇਂ ਤੋਂ ਬੰਦ ਪਏ ਆਰ ਓ ਪਲਾਂਟ ਨੂੰ ਦੁਬਾਰਾ ਚਲਾਉਣ ਲਈ ਵਾਰਡ ਵਾਸੀਆਂ ਵੱਲੋਂ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਦੇ ਪਰਗਟ ਸਿੰਘ, ਗੁਰਪਿਆਰ ਸਿੰਘ, ਅੰਗਰੇਜ ਸਿੰਘ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਵਾਟਰ ਵਰਕਸਾਂ ਵਿਚ ਗੰਦਗੀ ਕਾਰਨ ਅਤੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਪਿਛਲੇ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਾਹਾਮਾਰੀ ਦੇ ਚਲਦਿਆਂ ਅਤੇ ਵੱਧ ਰਹੀ ਗਰਮੀ ਦੇ ਕਾਰਨ ਸਾਫ ਸੁਥਰਾ ਪੀਣ ਵਾਲਾ ਪਾਣੀ ਲੋਕਾਂ ਦੀ ਅਹਿਮ ਜ਼ਰੂਰਤ ਹੈ। ਪਰ ਵਾਰਡ ਅੰਦਰ ਲੱਗੇ ਆਰ ਓ ਪਲਾਂਟ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੈ ਜਿਸ ਕਾਰਨ ਵਾਰਡ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਪੀਣ ਲਈ ਨਹੀਂ ਮਿਲ ਰਿਹਾ ਅਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਤੋਂ ਮੰਗ ਕੀਤੀ ਕਿ ਇਸ ਬੰਦ ਪਏ ਆਰ ਓ ਪਲਾਂਟ ਨੂੰ ਸਹੀ ਕਰਵਾ ਕੇ ਜਲਦ ਹੀ ਚਲਵਾਇਆ ਜਾਵੇ ਤਾਂ ਜੋ ਵਾਰਡ ਵਾਸੀਆਂ ਨੂੰ ਪੀਣ ਯੋਗ ਪਾਣੀ ਮਿਲ ਸਕੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਨੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਆਰਓ ਪਲਾਂਟ ਨੂੰ ਸਹੀ ਕਰਵਾ ਕੇ ਚਲਾਇਆ ਜਾਵੇਗਾ। ਇਸ ਮੌਕੇ ਦੀਦਾਰ ਸਿੰਘ, ਬੰਟੀ ਸਿੰਘ, ਮੋਨੀ ਸਿੰਘ, ਰਾਮੂ ਸਿੰਘ ਆਦਿ ਹਾਜਰ ਸਨ।
