ਬੁਢਲਾਡਾ 19 ਜੂਨ – (ਸਾਰਾ ਯਹਾ/ ਅਮਨ ਮਹਿਤਾ) ਅੱਜ ਨਗਰ ਸੁਧਾਰ ਸਭਾ ਬੁਢਲਾਡਾ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਕੇ ਮੰਗ ਕੀਤੀ ਕਿ ਸ਼ਹਿਰ ‘ਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ਼ ਦੇ ਪਾਣੀ ਦੀ ਮਿਕਸ ਹੋ ਕੇ ਹੋ ਰਹੀ ਸਪਲਾਈ ਦੀ ਸਮੱਸਿਆ ਨੂੰ ਧਿਆਨ ਦੇ ਕੇ ਫੌਰੀ ਹੱਲ ਕੀਤਾ ਜਾਵੇ। ਵਫ਼ਦ ਨੇ ਜਿਲ੍ਹੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੂੰ ਜਿਲ੍ਹੇ ਦਾ ਕਾਰਜ ਭਾਰ ਸੰਭਾਲਣ ‘ਤੇ ਮੁਬਾਰਕਬਾਦ ਦਿੱਤੀ ਅਤੇ ਸੰਸਥਾ ਵੱਲੋਂ ਭਰੋਸਾ ਦਿੱਤਾ ਕਿ ਉਹ ਜਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣਗੇ। ਇਸ ਸਬੰਧੀ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਡੀ ਸੀ ਸਾਹਿਬ ਨੇ ਵਫ਼ਦ ਦੁਆਰਾ ਪੀਣ ਵਾਲੇ ਪਾਣੀ ‘ਚ ਗੰਦੇ ਪਾਣੀ ਦੀ ਸਪਲਾਈ ਸਮੇਤ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਇਨਾਂ ਸਮੱਸਿਆਵਾਂ ਨੂੰ ਛੇਤੀ ਹੱਲ ਕੀਤਾ ਜਾਵੇਗਾ । ਨਗਰ ਸੁਧਾਰ ਸਭਾ ਦੇ ਆਗੂ ਨੇ ਦੱਸਿਆ ਕਿ ਸ਼ਹਿਰ ਦੀ ਕਰੀਬ 45 ਹਜ਼ਾਰ ਆਬਾਦੀ ਹੈ ਅਤੇ ਸ਼ਹਿਰ ਦੋ ਹਿੱਸਿਆਂ ਸ਼ਹਿਰ ਅਤੇ ਪਿੰਡ ਦੇ ਖੇਤਰ ਨੂੰ ਪੀਣ ਦੇ ਪਾਣੀ ਦੀ ਸਪਲਾਈ ਲਈ ਦੋ ਵਾਟਰ ਵਰਕਸ ਹਨ । ਸ਼ਹਿਰ ਵਿੱਚ ਸਥਿਤ ਵਾਟਰ ਵਰਕਸ ਤੋਂ ਲਗਭਗ 13 ਵਾਰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ , ਪਿਛਲੇ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ਼ ਦਾ ਗੰਦਾ ਪਾਣੀ ਮਿਕਸ ਹੋ ਕੇ ਸਪਲਾਈ ਹੋ ਰਿਹਾ ਹੈ । ਜਿਸ ਸਬੰਧੀ ਸਬੰਧਤ ਮਹਿਕਮੇ ਨੂੰ ਅਨੇਕਾਂ ਵਾਰ ਅਰਜੋਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਜਦੋਂ ਪੂਰੇ ਵਿਸ਼ਵ ਵਿੱਚ ਕਰੋਨਾ ਦੀ ਬਿਮਾਰੀ ਫੈਲੀ ਹੋਈ ਹੈ ਇਸ ਲਈ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਬੇਹੱਦ ਲੋੜੀਂਦੀ ਹੈ। ਜੇਕਰ ਸ਼ਹਿਰ ਵਿੱਚ ਇਸੇ ਤਰ੍ਹਾਂ ਗੰਦੇ ਪਾਣੀ ਦੀ ਸਪਲਾਈ ਘਰਾਂ ਨੂੰ ਹੁੰਦੀ ਰਹੀ ਤਾਂ ਕੋਈ ਭਿਆਨਕ ਬਿਮਾਰੀ ਸ਼ਹਿਰ ਵਿੱਚ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਪੀਣ ਦੇ ਪਾਣੀ , ਸੀਵਰੇਜ , ਸਾਫ- ਸਫ਼ਾਈ ਆਦਿ ਦਾ ਠੇਕਾ ਦਿੱਤਾ ਹੋਇਆ ਹੈ ,ਉਕਤ ਕੰਪਨੀ ਮਨਮਰਜ਼ੀ ਨਾਲ ਕੰਮ ਕਰਦੀ ਹੈ, ਸ਼ਹਿਰ ਵਿੱਚ ਗੰਦੇ ਪਾਣੀ ਦੀ ਸਪਲਾਈ ਘਰਾਂ ਵਿੱਚ ਹੋ ਰਹੀ ਹੈ , ਉਕਤ ਕੰਪਨੀ ਨੂੰ ਕੋਈ ਪਰਵਾਹ ਨਹੀਂ । ਉਕਤ ਆਗੂ ਨੇ ਕਿਹਾ ਕਿ ਸਿੱਤਮ ਦੀ ਗੱਲ ਹੈ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਭਾਗ ਉਕਤ ਕੰਪਨੀ ਦੇ ਕੰਮਾਂ
ਨੂੰ ਚੈੱਕ ਹੀ ਨਹੀਂ ਕਰ ਰਿਹਾ ਨਾ ਹੀ ਕੋਈ ਨਿਗਰਾਨੀ ਰੱਖੀ ਜਾ ਰਹੀ ਹੈ।ਇਸ ਮੋਕੇ ਜਿਨ੍ਹਾਂ ਵਿੱਚ ਸਤਪਾਲ ਸਿੰਘ ਕਟੌਦੀਆ , ਅਵਤਾਰ ਸਿੰਘ ਸੇਵਾ ਮੁਕਤ ਪੁਲਿਸ ਅਧਿਕਾਰੀ , ਐਡਵੋਕੇਟ ਸੁਸ਼ੀਲ ਬਾਂਸਲ , ਬਲਵਿੰਦਰ ਸਿੰਘ, ਭੋਲਾ ਕਣਕਵਾਲੀਆ ਸ਼ਾਮਲ ਸਨ।