ਬਰਨਾਲਾ (ਸਾਰਾ ਯਹਾ) : ਸੂਬੇ ‘ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਅੱਜ ਬਰਨਾਲਾ ‘ਚ 8 ਪੌਜ਼ੇਟਿਵ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਹੜਕੰਪ ਮੱਚ ਗਿਆ। ਪੌਜ਼ੇਟਿਵ ਆਏ ਕੇਸਾਂ ‘ਚ ਛੇ ਪ੍ਰਵਾਸੀ ਮਜ਼ਦੂਰ, ਜਦੋਂਕਿ ਦੋ ਬਰਨਾਲਾ ਸ਼ਹਿਰ ਦੇ ਹੀ ਵਸਨੀਕ ਸ਼ਾਮਲ ਹਨ।
ਦੱਸ ਦਈਏ ਕਿ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਪ੍ਰਾਈਵੇਟ ਹਸਪਤਾਲ ਵਿੱਚ ਚਾਰ ਦਿਨ ਦਾਖਲ ਵੀ ਰਿਹਾ ਹੈ ਜਿਸ ਕਰਕੇ ਸਿਹਤ ਵਿਭਾਗ ਨੇ ਨਿੱਜੀ ਹਸਪਤਾਲ ਨੂੰ ਸੀਲ ਕਰਕੇ ਉਸ ਦੇ ਸਾਰੇ ਸਟਾਫ ਨੂੰ ਵੀ ਇਕਾਂਤਵਾਸ ਕੀਤਾ ਹੈ।
ਅੱਜ ਆਏ ਅੱਠ ਮਰੀਜ਼ਾਂ ਦੇ ਸੰਪਰਕ ‘ਚ ਆਏ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ। ਹੁਣ ਤੱਕ ਬਰਨਾਲਾ ਵਿਚੋਂ ਕੁੱਲ 39 ਪੌਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 24 ਮਰੀਜ਼ ਤੰਦਰੁਸਤ ਹੋ ਚੁੱਕੇ ਸੀ। ਹੁਣ 14 ਮਰੀਜ਼ ਐਕਟਿਵ ਹਨ ਜਦੋਂਕਿ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਉਧਰ, ਜਲੰਧਰ ਵਿੱਚ ਕੋਰੋਨਾ ਨੇ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਚਪੇਟ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਅਨੁਸਾਰ 4 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ। ਇਨ੍ਹਾਂ ਵਿੱਚ 2 ਸੀਆਈਏ ਸਟਾਫ਼ ਤੇ 2 ਹੋਰ ਮੁਲਾਜ਼ਮ ਸ਼ਾਮਲ ਸੀ। ਇੱਕ ਹੋਰ ਮਹਿਲਾ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਹੁਣ ਜਲੰਧਰ ਦੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 420 ਹੋ ਗਈ ਹੈ।