ਮਾਨਸਾ, 12 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਕਿ੍ਰਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ 05 ਦਸੰਬਰ 2022 ਤੋਂ 09 ਦਸੰਬਰ 2022 ਤੱਕ ‘ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ’ ਸਬੰਧੀ ਪੰਜ ਰੋਜ਼ਾ ਕਿੱਤਾਮੁੱਖੀ ਸਿਖਲਾਈ ਕੋਰਸ ਕਰਵਾਇਆ ਗਿਆ।
ਸਿਖਲਾਈ ਦੇ ਪਹਿਲੇ ਦਿਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਆਈ.ਏ.ਐਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਿਖਿਆਰਥੀਆਂ ਨੂੰ ਸਹਾਇਕ ਕਿੱਤੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਿਖਲਾਈ ਕੋਰਸਾਂ ਦਾ ਆਯੋਜਨ ਸ਼ਲਾਘਾਯੋਗ ਉਪਰਾਲਾ ਹੈ, ਜਿਸ ਤੋਂ ਸਿਖਲਾਈ ਪ੍ਰਾਪਤ ਕਰਕੇ ਕਿਸਾਨ ਸਹਾਇਕ ਧੰਦਿਆਂ ਵੱਲ ਰੁਖ਼ ਕਰ ਸਕਦੇ ਹਨ।
ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਮੈਡਮ ਜਸਵਿੰਦਰ ਕੌਰ ਨੇ ਕਿਸਾਨ ਬੀਬੀਆਂ ਨੂੰ ਸੈਲਫ਼ ਹੈਲਪ ਗੁਰੱਪ ਬਣਾ ਕੇ ਖੁੰਬਾਂ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਪ੍ਰੇਰਿਆ। ਡਾ ਬੀ.ਐੱਸ.ਸੇਖੋਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਸਿਖਿਆਰਥੀਆਂ ਨਾਲ ਬਟਨ ਅਤੇ ਢੀਂਗਰੀ ਖੁੰਬ ਦੀ ਮਹੱਤਤਾ ਅਤੇ ਕਾਸ਼ਤ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਕੋਰਸ ਦੇ ਦੂਜੇ ਦਿਨ ਸਿਖਿਆਰਥੀਆਂ ਨੂੰ ਬਟਨ ਖੁੰਬ ਦੀ ਕੰਪੋਸਟ ਤਿਆਰ ਕਰਨ ਬਾਰੇ ਸਿਧਾਂਤਕ ਦੇ ਨਾਲ-ਨਾਲ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਤੀਜੇ ਦਿਨ, ਬਾਗ਼ਬਾਨੀ ਵਿਭਾਗ ਤੋਂ ਆਏ ਡਾ ਬਲਬੀਰ ਸਿੰਘ ਸਹਾਇਕ ਡਾਇਰੈਕਟਰ ਅਤੇ ਡਾ. ਪਰਮੇਸ਼ਰ ਕੁਮਾਰ, ਬਾਗ਼ਬਾਨੀ ਵਿਕਾਸ ਅਫਸਰ ਨੇ ਸਿਖਿਆਰਥੀਆਂ ਨੂੰ ਢੀਂਗਰੀ ਖੁੰਬ ਦੀ ਕਾਸ਼ਤ ਬਾਰੇ ਵਿਹਾਰਕ ਸਿਖਲਾਈ ਦੇ ਨਾਲ-ਨਾਲ ਬਾਗ਼ਬਾਨੀ ਵਿਭਾਗ ਵੱਲੋਂ ਖੁੰਬਾਂ ਦੀ ਕਾਸ਼ਤ ਨੂੰ ਪ੍ਰਫੁਲਤ ਕਰਨ ਲਈ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।
ਸਿਖਲਾਈ ਕੋਰਸ ਦੇ ਚੌਥੇ ਦਿਨ ਸਿਖਿਆਰਥੀਆਂ ਨੂੰ ਸ੍ਰੀ ਜਸ਼ਨਪ੍ਰੀਤ ਸਿੰਘ ਵੱਲੋਂ ਚਲਾਏ ਜਾ ਰਹੇ ਚਹਿਲ ਖੁੰਬ ਫਾਰਮ (ਪਿੰਡ ਅਤਲਾ ਖੁਰਦ, ਜਿਲਾ ਮਾਨਸਾ) ਦਾ ਦੌਰਾ ਕਰਵਾਇਆ ਗਿਆ। ਡਾ ਸੇਖੋਂ ਨੇ ਸਿਖਿਆਰਥੀਆਂ ਨੂੰ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨਾਲ ਰੂਬਰੂ ਕਰਵਾਉਂਦਿਆਂ ਦੱਸਿਆ ਕੇ ਜਸ਼ਨਪ੍ਰੀਤ ਦੁਆਰਾ ਚਲਾਏ ਜਾ ਰਹੇ ਖੁੰਬ ਫਾਰਮ ਦੀ ਸਫ਼ਲਤਾ ਦਾ ਸਿਹਰਾ ਪਰਿਵਾਰ ਦੇ ਬਜ਼ੁਰਗ ਸ੍ਰੀ ਸੁਰਜੀਤ ਸਿੰਘ, ਪਿਤਾ ਸ੍ਰੀ ਬਲਕਰਨ ਸਿੰਘ, ਮਾਤਾ ਪਰਮਜੀਤ ਕੌਰ ਅਤੇ ਭੈਣ ਅਮਨਪ੍ਰੀਤ ਕੌਰ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਮਿਲ ਕੇ ਖੁੰਬਾਂ ਦੀ ਸਾਂਭ ਸੰਭਾਲ, ਤੁੜਾਈ, ਖੁੰਬਾਂ ਨੂੰ ਧੋਣ ਅਤੇ ਕੱਟਣ ਅਤੇ ਫੇਰ ਪੈਕ ਕਰਨ ਵਿਚ ਇੱਕ ਦੂਸਰੇ ਦੀ ਸਹਾਇਤਾ ਕਰਦੇ ਹਨ।
ਸਿਖਲਾਈ ਲੈਣ ਦੇ ਨਾਲ-ਨਾਲ ਸਿਖਿਆਰਥੀਆਂ ਨੇ ਜਸ਼ਨਪ੍ਰੀਤ ਸਿੰਘ ਦੇ ਫਾਰਮ ਤੋਂ ਖੁੰਬ ਦੀ ਖਰੀਦ ਵੀ ਕੀਤੀ ਅਤੇ ਅੱਗੇ ਕੰਮ ਚਲਾਉਣ ਲਈ ਵੀ ਉਤਸ਼ਾਹਿਤ ਕੀਤਾ। ਸਿਖਲਾਈ ਦੇ ਅਖੀਰਲੇ ਦਿਨ ਡਾ. ਚਮਨਦੀਪ ਸਿੰਘ (ਡਾਇਰੈਕਟਰ, ਆਤਮਾ) ਨੇ ਸਿਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਆਤਮਾ ਮਿਸ਼ਨ ਨਾਲ ਰਲ ਕੇ ਚੱਲਣ ਲਈ ਕਿਹਾ। ਪ੍ਰੋਗਰਾਮ ਦੇ ਅੰਤ ਵਿਚ ਸਿਖਿਆਰਥੀਆਂ ਦੇ ਗਿਆਨ ਨੂੰ ਜਾਂਚਣ ਲਈ ਪ੍ਰੀਖਿਆ ਵੀ ਲਈ ਗਈ ਜਿਸ ਵਿਚ 90 ਫ਼ੀਸਦੀ ਸਿਖਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਖੁੰਬ ਉਤਪਾਦਨ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਹਾਮੀ ਭਰੀ। ਇਸ ਸਿਖਲਾਈ ਪ੍ਰੋਗਰਾਮ ਵਿਚ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 34 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।