
ਚੰਡੀਗੜ੍ਹ, 18 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) ਪੰਜਾਬ ਸਰਕਾਰ ਨੇ ਅਧਿਆਪਕ ਸਟੇਟ ਅਵਾਰਡ 2020 ਲਈ ਨਾਮੀਨੇਸ਼ਨ 30 ਜੁਲਾਈ 2020 ਤੱਕ ਭੇਜੇ ਜਾਣ ਲਈ ਤਰੀਕਾਂ ਨਿਰਧਾਰਤ ਕਰ ਦਿੱਤੀਆਂ ਹਨ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਨੇ ਇੱਕ ਪੱਤਰ ਜਾਰੀ ਕਰਕੇ ਇਹ ਨਾਮੀਨੇਸ਼ਨ 18 ਜੁਲਾਈ ਤੋਂ 30 ਜੁਲਈ ਤੱਕ ਆਨ ਲਾਈਨ ਭੇਜਣ ਲਈ ਹੁਕਮ ਜਾਰੀ ਕੀਤੇ ਹਨ। ਬੁਲਾਰੇ ਅਨੁਸਾਰ ਪੋਰਟਲ ’ਤੇ ਹਰੇਕ ਸਟਾਫ ਮੈਂਬਰ ਦਾ ਵੱਖਰਾ ਆਈ.ਡੀ. ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਿਲਿਆ ਹੋਇਆ ਹੈ। ਉਸ ਦੇ ਰਾਹੀਂ ਲੋਗ-ਇੰਨ ਕਰਕੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਬੁਲਾਰੇ ਅਨੁਸਾਰ ਕੋਈ ਵੀ ਅਧਿਆਪਕ/ਸਕੂਲ ਮੁਖੀ ਖੁਦ ਸਟੇਟ ਅਵਾਰਡ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ/ਸਕੂਲ ਮੁਖੀ ਦੀ ਸਟੇਟ ਅਵਾਰਡ ਲਈ ਕੋਈ ਵੀ ਦੂਸਰਾ ਅਧਿਆਪਕ/ਸਕੂਲ ਮੁਖੀ/ਇਨਚਾਰਜ ਨਾਮੀਨੇਸ਼ਨ ਕਰ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀ/ ਜ਼ਿਲ੍ਹਾ ਸਿੱਖਿਆ ਅਫਸਰ/ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟ/ ਡਾਇਰੈਕਟਰ ਜਨਰਲ ਸਕੂਲ ਸਿੱਖਿਆ/ ਸਿੱਖਿਆ ਸਕੱਤਰ ਵੱਲੋਂ ਵੀ ਕਿਸੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਜੋ ਵੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕਰੇਗਾ, ਉਹ ਆਪਣੀ ਹੱਥ ਲਿਖਤ ਵਿੱਚ ਘੱਟੋ ਘੱਟ 250 ਸ਼ਬਦਾਂ ਵਿੱਚ ਲਿਖ ਕੇ ਜਾਣਕਾਰੀ ਦੇਵੇਗਾ ਕਿ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਉਹ ਕਿਉ ਕਰਨਾ ਚਾਹੁੰਦਾ ਹੈ।
ਬੁਲਾਰੇ ਅਨੁਸਾਰ ਜਿਸ ਅਧਿਆਪਕ/ਸਕੂਲ ਮੁਖੀ ਨੇ ਰੈਗੂਲਰ ਸਰਵਿਸ ਦੇ ਘੱਟੋ ਘੱਟ 10 ਸਾਲ ਪੂਰੇ ਹੋਏ ਪੂਰੇ ਕੀਤੇ ਹਨ, ਉਸ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਐਸ.ਐਸ.ਏ., ਆਰ.ਐਮ.ਐਸ.ਏ., ਪੀ.ਆਈ.ਸੀ.ਟੀ.ਈ.ਸੀ. ਦੇ ਅਧੀਨ ਕੰਮ ਕਰਦੇ ਉਨ੍ਹਾਂ ਅਧਿਆਪਕਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਰੈਗੂਲਰ ਸਰਵਿਸ ਵਜੋਂ 10 ਸਾਲ ਪੂਰੇ ਕਰ ਲਏ ਹਨ। ਇਹ ਅਵਾਰਡ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਣਗੇ।
