ਪੰਜਾਬ ਸਰਕਾਰ ਨੇ ਓਪਨ ਸਕੂਲਾਂ ਦੇ ਵਿਦਿਆਰਥੀਆਂ ਨੂੰ 10+1 ਵਿਚ ਆਰਜ਼ੀ ਦਾਖ਼ਲਾ ਲੈਣ ਲਈ ਦਿੱਤੀ ਮਨਜ਼ੂਰੀ

0
45

ਚੰਡੀਗੜ੍ਹ, 31 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) :ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ  ਕਿ ਪੰਜਾਬ ਸਰਕਾਰ ਨੇ 10 + 1 ਵਿੱਚ ਓਪਨ ਸਕੂਲਾਂ ਦੇ 31,022 ਉਮੀਦਵਾਰਾਂ ਨੂੰ ਨਿਯਮਤ ਵਿਦਿਆਰਥੀਆਂ ਵਜੋਂ ਸਕੂਲਾਂ ਵਿੱਚ ਦਾਖਲਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲਾਤ ਸੁਖਾਵੇਂ ਹੋਣ ’ਤੇ  ਉਨ੍ਹਾਂ ਨੂੰ ਦਸਵੀਂ ਜਮਾਤ ਦੀ ਪ੍ਰੀਖਿਆ ਦੇਣੀ ਹੋਵੇਗੀ ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵਲੋਂ ਨਿਯਮਤ ਵਿਦਿਆਰਥੀਆਂ ਦਾ ਮੈਟਿ੍ਰਕ ਦਾ ਨਤੀਜਾ ਨਿਰੰਤਰ ਵਿਆਪਕ ਮੁਲਾਂਕਣ (ਸੀਸੀਈ) ਦੇ ਅਧਾਰ ਤੇ ਘੋਸ਼ਿਤ ਕੀਤਾ ਗਿਆ ਸੀ ਪਰ ਓਪਨ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ ਰੋਕ ਲਿਆ ਗਿਆ ਕਿਉਂਕਿ ਇਹ ਵਿਦਿਆਰਥੀ ਸੀਸੀਈ ਮਾਪਦੰਡ ਦੇ ਅਧੀਨ ਨਹੀਂ ਆਉਂਦੇ।

 ਓਪਨ ਸਕੂਲਾਂ ਦੇ ਵਿਦਿਆਰਥੀ ਨਿਯਮਤ ਵਿਦਿਆਰਥੀਆਂ ਵਜੋਂ ਸਕੂਲ ਵਿੱਚ ਦਾਖਲਾ  ਲੈਣ ਲਈ ਦੁਬਿਧਾ ਵਿੱਚ ਸਨ । ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਹੁਣ ਉਹ ਵਿਦਿਆਰਥੀ 10 + 1 ਵਿੱਚ ਇਸ ਸ਼ਰਤ ’ਤੇ ਆਰਜ਼ੀ ਦਾਖਲਾ ਲੈ ਸਕਣਗੇ ਕਿ ਜਦੋਂ ਵੀ ਹਾਲਾਤ ਸੁਖਾਵੇਂ ਹੋਣਗੇ ਉਨ੍ਹਾਂ ਨੂੰ ਮੈਟਿ੍ਰਕ ਦੀ ਪ੍ਰੀਖਿਆ ਦੇਣੀ ਪਵੇਗੀ।

ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਸਾਲ ਦੇ ਵਿਦਿਆਰਥੀਆਂ ਦੀ ਸਪਲੀਮੈਂਟਰੀ  ਪ੍ਰੀਖਿਆ ਦਾ ਨਤੀਜਾ ਸਬੰਧਤ ਸਾਲ ਦੇ ਸੀਸੀਈ ਦੇ ਅਧਾਰ ਤੇ ਐਲਾਨਣ ਦਾ ਫੈਸਲਾ ਵੀ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਸਾਲ ਸਪਲੀਮੈਂਟਰੀ  ਪ੍ਰੀਖਿਆ ਦੇ ਰੂਪ ਵਿੱਚ ਇੱਕ ਵਿਸ਼ੇ ਲਈ ਪ੍ਰੀਖਿਆ ਵਿੱਚ ਬੈਠਣਾ  ਸੀ ਪਰ ਉਹ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਪ੍ਰੀਖਿਆ ਰੱਦ ਹੋਣ ਕਾਰਨ ਸਪਲੀਮੈਂਟਰੀ ਪ੍ਰੀਖਿਆ ਨਹੀਂ ਦੇ ਸਕੇ।

ਸ੍ਰੀ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਓਪਨ ਸਕੂਲ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀ ਤਰੀਕ ਨੂੰ ਹਾਲੇ ਅੰਤਿਮ ਰੂਪ ਨਹੀਂ ਦਿੱਤਾ ਹੈ ਪਰ ਕੋਵਿਡ -19 ਦੇ ਫੈਲਣ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਪ੍ਰੀਖਿਆਵਾਂ ਲਈ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੀ ਸਥਿਤੀ ’ਤੇ ਨਿਰੰਤਰ ਨਜ਼ਰ ਰੱਖ ਰਹੀ ਹੈ ਅਤੇ ਬੋਰਡ ਵਲੋਂ ਪ੍ਰੀਖਿਆਵਾਂ ਉਦੋਂ ਹੀ ਕਰਵਾਈਆਂ ਜਾਣਗੀਆਂ ਜਦੋਂ ਸਰਕਾਰ ਉਨ੍ਹਾਂ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੀ ਆਗਿਆ ਦੇਵੇਗੀ।

LEAVE A REPLY

Please enter your comment!
Please enter your name here