ਪੰਜਾਬ ਸਰਕਾਰ ਅਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੂਰੀ ਤਰ੍ਹਾਂ ਵਚਨਬੱਧ: ਓਪੀ ਸੋਨੀ

0
14

ਚੰਡੀਗੜ੍ਹ, 17 ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ)  : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।  ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਜ਼ੋਰ ਦੇ ਕੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਵੱਖ-ਵੱਖ ਉਪਰਾਲਿਆਂ ਰਾਹੀਂ ਯਕੀਨੀ ਬਣਾਇਆ ਜਾ ਰਿਹਾ  ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਸੁਤੰਤਰਤਾ ਸੈਨਿਕ ਸਨਮਾਨ ਪੈਨਸ਼ਨ ਸਕੀਮ ਤਹਿਤ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਯੋਗ ਪਰਿਵਾਰਕ ਮੈਂਬਰਾਂ (ਵਿਧਵਾ ਅਤੇ ਅਣਵਿਆਹੀ / ਬੇਰੁਜ਼ਗਾਰ ਧੀ) ਨੂੰ 7500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ।  ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਸਰਕਾਰੀ ਏਜੰਸੀਆਂ ਦੇ ਪਲਾਟਾਂ ਅਤੇ ਮਕਾਨਾਂ ਦੀ ਅਲਾਟਮੈਂਟ ਵਿੱਚ ਆਜ਼ਾਦੀ ਘੁਲਾਟੀਆਂ ਨੂੰ 2% ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ।ਸੋਨੀ ਨੇ ਅੱਗੇ ਦੱਸਿਆ ਕਿ ਆਜ਼ਾਦੀ ਘੁਲਾਟੀਆਂ ਦੇ ਯੋਗ ਵਾਰਸ (ਪੁੱਤਰ / ਧੀਆਂ / ਪੋਤਰੇ / ਪੋਤਰੀਆਂ) ਨੂੰ ਰਾਜ ਦੇ ਮੈਡੀਕਲ / ਤਕਨੀਕੀ ਕਾਲਜਾਂ ਵਿੱਚ ਦਾਖਲੇ ਲਈ 1 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ ਅਤੇ ਦਰਜਾ 1, 2, 3 ਅਤੇ 4 ਸਰਕਾਰੀ ਨੌਕਰੀਆਂ ਵਿਚ ਦੇ ਸਿੱਧੇ ਭਰਤੀ ਕੋਟੇ ਦੀਆਂ ਅਸਾਮੀਆਂ ਲਈ ਵੀ ਰਾਖਵਾਂਕਰਨ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ ਲਈ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਕਰਵਾਏ ਇਲਾਜ ‘ਤੇ ਕੀਤੇ  ਖਰਚੇ ਲਈ ਡਾਕਟਰੀ ਮੁਆਵਜੇ ਦੀ ਅਦਾਇਗੀ ਦਾ ਪ੍ਰਬੰਧ ਵੀ ਹੈ।ਇਹ ਸਹੂਲਤ ਮੌਤ ਤੋਂ ਬਾਅਦ ਆਜ਼ਾਦੀ ਘੁਲਾਟੀਆਂ ਦੀਆਂ ਪਤਨੀਆਂ ਅਤੇ ਵਿਧਵਾਵਾਂ ਅਤੇ ਘੁਲਾਟੀਆਂ ਦੀਆਂ ਅਣਵਿਆਹੀਆਂ / ਬੇਰੁਜ਼ਗਾਰ ਧੀਆਂ ਨੂੰ ਵੀ ਪ੍ਰਦਾਨ ਕੀਤੀ ਜਾਂਦੀ ਹੈ।ਸ੍ਰੀ ਸੋਨੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀ ਖੁਦ, ਉਨ੍ਹਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਅਤੇ ਬੇਰੁਜ਼ਗਾਰ ਧੀਆਂ ਸਮੇਤ ਇੱਕ ਅਟੈਂਡੈਂਟ ਨੂੰ ਪੰਜਾਬ ਸਰਕਾਰ ਦੀਆਂ ਬੱਸਾਂ ਵਿੱਚ ਮੁਫਤ ਬੱਸ ਯਾਤਰਾ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਜਿਸ ਤਹਿਤ ਪੰਜਾਬ ਸਰਕਾਰ ਦੇ ਜਾਰੀ ਕੀਤੇ ਸ਼ਨਾਖਤੀ ਕਾਰਡਾਂ ‘ਤੇ ਰਾਜ ਮਾਰਗਾਂ ਉਪਰ  ਟੋਲ ਟੈਕਸ ਵਿੱਚ ਛੋਟ ਦਿੱਤੀ ਜਾਂਦੀ ਹੈ।  ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 1 ਕਿੱਲੋ ਵਾਟ ਤੱਕ ਦੇ ਘਰੇਲੂ ਬਿਜਲੀ ਕੁਨੈਕਸ਼ਨ ਵਾਲੇ ਘੁਲਾਟੀਆਂ ਨੂੰ 300 ਯੂਨਿਟ ਦੀ ਬਿਜਲੀ ਰਿਆਇਤ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ  ਆਜ਼ਾਦੀ ਘੁਲਾਟੀਆਂ ਦੇ ਪਰਿਵਾਰ (ਜਿਸ ਵਿੱਚ ਘੁਲਾਟੀਆਂ ਦੇ ਪੁੱਤਰ, ਧੀਆਂ, ਪੋਤੇ -ਪੋਤਰੀਆਂ ਸ਼ਾਮਲ ਹਨ)  ਨੂੰ ਸਿਰਫ ਇੱਕ ਆਊਟ ਆਫ ਟ੍ਰਨ-ਟਿਊਬਵੈਲ ਕੁਨੈਕਸ਼ਨ ਮੁਹੱਈਆ ਕਰਵਾ ਰਹੀ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਉਹ ਸੰਘਰਸ਼ਸ਼ੀਲ ਯੋਧੇ ਜਿਨ੍ਹਾਂ ਨੇ ਪੰਜਾਬੀ ਸੂਬਾ ਮੋਰਚੇ ਦੌਰਾਨ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ , ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਤਹਿਤ ਤਿੰਨ ਮਹੀਨਿਆਂ ਤੱਕ ਦੀ ਕੈਦ ਕੱਟਣ ਵਾਲਿਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ, ਤਿੰਨ ਤੋਂ ਛੇ ਮਹੀਨਿਆਂ ਦੀ ਕੈਦ ਕੱਟਣ ਵਾਲੇ ਘੁਲਾਟੀਆਂ ਲਈ 1500 ਰੁਪਏ ਪ੍ਰਤੀ ਮਹੀਨਾ ਅਤੇ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਜੇਲ੍ਹ ਕੱਟਣ ਵਾਲਿਆਂ ਲਈ 2000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।——–     

LEAVE A REPLY

Please enter your comment!
Please enter your name here