*ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਪੰਜਾਬੀ ਵਿਸ਼ਾ ਪਾਸ ਕਰਨਾ ਲਾਜ਼ਮੀ, ਬਾਹਰੋਂ ਆਉਣ ਵਾਲਿਆਂ ਨੂੰ ਪੰਜਾਬੀ ਦਾ ਵੱਖਰਾ ਟੈਸਟ ਪਾਸ ਕਰਨਾ ਪਵੇਗਾ: ਨਿੱਜਰ*

0
33

 (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਵਿਰੋਧੀ ਧਿਰਾਂ ਵੱਲੋਂ ਪਾਏ ਜਾ ਰਹੇ ਰੌਲੇ ਨੂੰ ਦਰਕਿਨਾਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਜੇਕਰ ਕਿਸੇ ਨੇ ਸਰਕਾਰੀ ਨੌਕਰੀ ਕਰਨੀ ਹੈ ਤਾਂ ਉਸਨੂੰ ਪੰਜਾਬੀ ਵਿਸ਼ਾ ਪਾਸ ਕਰਨਾ ਲਾਜ਼ਮੀ ਹੈ। ਬਾਹਰੋਂ ਆਉਣ ਵਾਲਿਆਂ ਨੂੰ ਪੰਜਾਬੀ ਦਾ ਵੱਖਰਾ ਟੈਸਟ 50 ਫੀਸਦੀ ਅੰਕਾਂ ਨਾਲ ਪਾਸ ਕਰਨਾ ਪਵੇਗਾ। ਇਸ ਯੋਗਤਾ ਤੋਂ ਬਿਨਾ ਕਿਸੇ ਨੂੰ ਵੀ ਸੂਬੇ ਵਿੱਚ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਵਿਰੋਧੀ ਧਿਰਾਂ ਇਸ ਮਸਲੇ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ

ਡਾ: ਇੰਦਰਬੀਰ ਸਿੰਘ ਨਿੱਜਰ ਅੱਜ ਇੱਥੇ ਨਗਰ ਨਿਗਮ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਕਰੀਬ 140 ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਪਹੁੰਚੇ ਸਨ। ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਅਤੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ, ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਗਰ ਨਿਗਮ ਮੋਗਾ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ 140 ਸਫਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਕੇ ਇਨਾਂ ਕਰਮੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸਫਾਈ ਸੇਵਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਕਰ ਦਿੱਤੀ ਹੈ।

ਇਸ ਮੌਕੇ ਉਨਾਂ ਨਾਲ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਨਗਰ ਨਿਗਮ ਮੋਗਾ ਦੇ ਮੇਅਰ ਨੀਤਿਕਾ ਭੱਲਾ, ਕਮਿਸ਼ਨਰ ਜਯੋਤੀ ਬਾਲਾ ਮੱਟੂ, ਆਪ ਦੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਤੋਂ ਇਲਾਵਾ ਕਈ ਹੋਰ ਵੀ ਮੌਜੂਦ ਸਨ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣਨ ਤੋਂ ਬਾਅਦ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਇਸ ਲਈ ਸਫਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਉਹਨਾਂ ਕਿਹਾ ਕਿ ਰੈਗੂਲਰ ਕਰਨਾ ਸਫਾਈ ਸੇਵਕਾਂ ਦਾ ਅਧਿਕਾਰ ਹੈ ਅਤੇ ਇਸ ਨੂੰ ਹਰ ਕੀਮਤ ‘ਤੇ ਯਕੀਨੀ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਸਫਾਈ ਸੇਵਕਾਂ ਦੀਆਂ ਸੇਵਾਵਾਂ ਵੀ ਰੈਗੂਲਰ ਕਰ ਦਿੱਤੀਆਂ ਜਾਣਗੀਆਂ।

ਉਨਾਂ ਕਿਹਾ ਕਿ ‘ਆਪ’ ਸਰਕਾਰ ਹਮੇਸ਼ਾ ਸਫਾਈ ਕਰਮੀਆਂ ਦੇ ਨਾਲ ਡੱਟ ਕੇ ਖੜੀ ਹੈ ਅਤੇ ਉਨਾਂ ਦੀ ਭਲਾਈ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ। ਕੋਵਿਡ-19 ਦੌਰਾਨ ਸਫਾਈ ਕਰਮੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਸਫਾਈ ਕਰਮੀਆਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਾਫ-ਸੁਥਰਾ ਮਾਹੌਲ ਯਕੀਨੀ ਬਣਾਇਆ।

ਉਨਾਂ ਕਿਹਾ ਕਿ ਸਫਾਈ ਸੇਵਕ ਅਤੇ ਪੁਲਿਸ ਮੁਲਾਜ਼ਮ ਸਮਾਜ ਦੀ ਬਿਹਤਰੀ ਲਈ ਹਮੇਸ਼ਾ ਡਿਊਟੀ ‘ਤੇ ਰਹਿੰਦੇ ਹਨ। ਉਨਾਂ ਰੈਗੂਲਰ ਸਫਾਈ ਸੇਵਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਮਿਆਰੀ ਸਿੱਖਿਆ ਉਪਲਬਧ ਕਰਾਉਣ ਕਿਉਂਕਿ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰੀ ਵਿੱਦਿਅਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਨਗਰ ਨਿਗਮਾਂ ਵਿੱਚ ਡੀਸੀ ਰੇਟ ’ਤੇ ਕੰਮ ਕਰਦੇ ਬੇਲਦਾਰਾਂ/ਡਰਾਈਵਰਾਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਫਾਇਰਮੈਨ ਕੱਢੇ ਨਹੀਂ ਜਾ ਰਹੇ ਹਨ ਸਗੋਂ 960 ਨਵੇਂ ਹੋਰ ਭਰਤੀ ਕਰ ਰਹੇ ਹਨ। ਇਸੇ ਤਰ੍ਹਾਂ 350 ਹੋਰ ਡਰਾਈਵਰ ਭਰਤੀ ਕੀਤੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਫਾਇਰਮੈਨਾਂ ਨੂੰ ਪੰਜਾਬ ਵਿੱਚ ਹੀ ਵਿਸ਼ਵ ਪੱਧਰੀ ਟ੍ਰੇਨਿੰਗ ਦੇਣ ਲਈ ਲਾਲੜੂ ਵਿੱਚ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਇਹ ਸੈਂਟਰ ਖੁੱਲ੍ਹਣ ਨਾਲ ਫਾਇਰਮੈਨਾਂ ਨੂੰ ਨਾਗਪੁਰ ਜਾ ਕੇ ਟ੍ਰੇਨਿੰਗ ਲੈਣ ਜਾਣ ਦੀ ਲੋੜ ਨਹੀਂ ਰਹੇਗੀ। ਉਹਨਾਂ ਸ਼ਹਿਰ ਦੇ ਇਨਡੋਰ ਸਟੇਡੀਅਮ ਨੂੰ ਮੈਂਟੇਨ ਕਰਨ ਅਤੇ ਬਾਲਟਨਗੰਜ ਦਾ ਮਸਲਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ।

ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ਉੱਤੇ ਦਿੱਤੀਆਂ ਜਾਣਗੀਆਂ ਕਿਉਂਕਿ ਉਹਨਾਂ ਦੀ ਸਰਕਾਰ ਪਾਰਟੀਬਾਜ਼ੀ ਨੂੰ ਸਾਹਮਣੇ ਰੱਖ ਕੇ ਕੰਮ ਨਹੀਂ ਕਰ ਰਹੀ। ਇਸ ਤੋਂ ਪਹਿਲਾਂ ਮੋਗਾ ਦੇ ਮੇਅਰ ਨੀਤਿਕਾ ਭੱਲਾ ਵੱਲੋਂ ਸ਼ਹਿਰ ਦੇ ਵਿਕਾਸ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਸ਼ਹਿਰ ਦੀਆਂ ਮੁੱਖ ਮੰਗਾਂ ਉੱਤੇ ਧਿਆਨ ਦਿਵਾਇਆ। ਸਮਾਗਮ ਨੂੰ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵੀ ਸੰਬੋਧਨ ਕੀਤਾ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਕੁੱਲ 140 ਰੈਗੂਲਰ ਕਰਮਚਾਰੀਆਂ ਵਿੱਚੋਂ 82 ਸਫਾਈ ਸੇਵਕ ਅਤੇ 58 ਸੀਵਰਮੈਨ ਹਨ।

LEAVE A REPLY

Please enter your comment!
Please enter your name here