*ਪੰਜਾਬ ਲਈ ਖਤਰੇ ਦੀ ਘੰਟੀ! ਇਸ ਵਾਰ 24% ਘੱਟ ਪਿਆ ਮੀਂਹ*

0
43

ਚੰਡੀਗੜ੍ਹ: ਪੰਜਾਬ ਲਈ ਖਤਰੇ ਦੀ ਘੰਟੀ ਹੈ। ਇਸ ਵਾਰ ਮੀਂਹ 24% ਘੱਟ ਪਿਆ ਹੈ। ਪੰਜਾਬ ਦੇ ਬਹੁਤ ਸਾਰੇ ਖੇਤਰ ਰੈੱਡ ਜ਼ੋਨ ਵਿੱਚ ਹਨ। ਜੇਕਰ ਬਾਰਸ਼ ਘੱਟ ਪੈਂਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ‘ਚ ਮਾਨਸੂਨ ਸੀਜ਼ਨ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ। ਇਸ ਵਾਰ ਆਮ ਨਾਲੋਂ 24% ਘੱਟ ਮੀਂਹ ਦਰਜ ਕੀਤਾ ਗਿਆ ਹੈ। ਇਹ ਕਮੀ ਉਦੋਂ ਵੇਖੀ ਗਈ ਹੈ ਜਦੋਂ ਇਸ ਵਾਰ 1 ਜੂਨ ਤੋਂ 31 ਅਗਸਤ ਤਕ ਸਿਰਫ਼ 294.6 ਮਿਲੀਮੀਟਰ ਮੀਂਹ ਪਿਆ, ਜਦਕਿ ਇਹ 386.6 ਮਿਲੀਮੀਟਰ ਹੋਣੀ ਚਾਹੀਦੀ ਸੀ।

ਮਾਹਿਰਾਂ ਮੁਤਾਬਕ ਸੂਬੇ ‘ਚ ਘੱਟ ਮੀਂਹ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੂਨ ਤੋਂ 31 ਜੁਲਾਈ ਤਕ ਆਮ ਬਾਰਸ਼ ਹੋਈ, ਪਰ ਅਗਸਤ ‘ਚ ਅਨੁਮਾਨਤ ਮੀਂਹ ਦੇ ਮੁਕਾਬਲੇ ਬਹੁਤ ਘੱਟ ਮੀਂਹ ਪਿਆ। ਮਤਲਬ ਸਿਰਫ਼ 40 ਫ਼ੀਸਦੀ ਹੀ ਮੀਂਹ ਪਿਆ। ਇਸ ਕਾਰਨ ਮਾਨਸੂਨ ਸੀਜ਼ਨ ‘ਚ ਤਿੰਨ ਮਹੀਨਿਆਂ ਦੌਰਾਨ ਪੰਜਾਬ ‘ਚ 24% ਘੱਟ ਮੀਂਹ ਪਿਆ। ਇਸ ਦਾ ਸਿੱਧਾ ਅਸਰ ਸਾਲ ਭਰ ਪੈਣ ਵਾਲੇ ਮੀਂਹ ਦੇ ਅੰਕੜੇ ‘ਤੇ ਵੀ ਪੈਂਦਾ ਹੈ।

ਦੱਸ ਦੇਈਏ ਕਿ ਪੂਰੇ ਸਾਲ ਦੌਰਾਨ 100 ਫ਼ੀਸਦੀ ਮੀਂਹ ਵਿੱਚੋਂ 70 ਫ਼ੀਸਦੀ ਮੀਂਹ ਨੂੰ ਮਾਨਸੂਨੀ ਸੀਜ਼ਨ ਮੰਨਿਆ ਜਾਂਦਾ ਹੈ, ਜਦਕਿ ਬਾਕੀ ਮੀਂਹ ਵੈਦਰ ਸਿਸਟਮ ਮਤਲਬ ਪੱਛਮੀ ਗੜਬੜੀ ਕਾਰਨ ਪੈਂਦਾ ਹੈ। ਘੱਟ ਮੀਂਹ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ ‘ਤੇ ਸਭ ਤੋਂ ਮਾੜਾ ਪ੍ਰਭਾਵ ਵੇਖਣ ਨੂੰ ਮਿਲੇਗਾ। ਚਿੱਤਾ ਇਸ ਗੱਲ ਨੂੰ ਲੈ ਕੇ ਹੋਰ ਵਧ ਗਈ ਹੈ ਕਿ ਮੌਜੂਦਾ ਸੀਜ਼ਨ ‘ਚ ਘੱਟ ਮੀਂਹ ਕਾਰਨ ਕਿਸਾਨਾਂ ਨੇ ਫਸਲਾਂ ਲਈ ਧਰਤੀ ਹੇਠਲੇ ਪਾਣੀ ਦੀ ਸਭ ਤੋਂ ਵੱਧ ਵਰਤੋਂ ਕੀਤੀ।

ਆਈਐਮਡੀ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਸਤੰਬਰ ‘ਚ ਪੰਜਾਬ ਵਿੱਚ ਮਾਨਸੂਨ ਦੀ ਵਿਦਾਇਗੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਅੱਗੇ ਮਾਨਸੂਨ ਦੀ ਚੰਗੀ ਬਾਰਸ਼ ਦੀ ਕੋਈ ਸੰਭਾਵਨਾ ਨਹੀਂ, ਜਦਕਿ ਇਕ ਜਾਂ ਦੋ ਥਾਵਾਂ ‘ਤੇ ਹਲਕੀ ਬਾਰਸ਼ ਤੋਂ ਇਲਾਵਾ ਜ਼ਿਆਦਾਤਰ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਸੋਮਵਾਰ ਨੂੰ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਸ਼ ਹੋਈ। ਪੰਜਾਬ ‘ਚ ਮਾਨਸੂਨ ਦੇ ਮੀਂਹ ਦੀ ਗੱਲ ਕਰੀਏ ਤਾਂ ਉਨ੍ਹਾਂ ਅਨੁਸਾਰ 50 ਫ਼ੀਸਦੀ ਜ਼ਿਲ੍ਹਿਆਂ ‘ਚ ਆਮ ਤੇ ਬਾਕੀਆਂ ‘ਚ ਆਮ ਨਾਲੋਂ ਘੱਟ ਬਾਰਸ਼ ਹੋਈ ਹੈ।

ਸਾਲ 2014 ‘ਚ 75% ਤਕ ਘੱਟ ਬਾਰਸ਼ ਦਰਜ ਕੀਤੀ ਗਈ ਸੀ, ਜਦਕਿ ਇਸ ਵਾਰ ਫਿਰ ਅਗਸਤ ‘ਚ ਸਭ ਤੋਂ ਘੱਟ 60 ਫ਼ੀਸਦੀ ਤਕ ਬਾਰਸ਼ ਦਰਜ ਕੀਤੀ ਗਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੂਨ ਤੇ ਸਤੰਬਰ ਵਿਚਕਾਰ ਮਾਨਸੂਨ ‘ਚ ਸਾਲਾਨਾ ਬਾਰਸ਼ ਦਾ 70 ਫ਼ੀਸਦੀ ਕਵਰ ਹੁੰਦਾ ਹੈ। ਸੀਜ਼ਨ ਦੀ ਹੁਣ ਤਕ ਦੀ 24 ਫ਼ੀਸਦੀ ਘੱਟ ਬਾਰਸ਼ ਦਾ ਸਾਲਾਨਾ ਬਾਰਸ਼ ਦੇ ਅੰਕੜਿਆਂ ‘ਤੇ ਵੀ ਮਾੜਾ ਪ੍ਰਭਾਵ ਪਵੇਗਾ

ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਹਰ ਮਹੀਨੇ ਚਾਰ ਵਾਰ ਵੈਦਰ ਸਿਸਟਮ ਬਣਦੇ ਹਨ, ਪਰ ਅਗਸਤ ‘ਚ ਵੈਦਰ ਸਿਸਟਮ ਤਾਂ ਬਣੇ, ਪਰ ਇਹ ਮਜ਼ਬੂਤ ਨਹੀਂ ਸਨ। ਇਸ ਦੇ ਨਾਲ ਹੀ ਮਾਨਸੂਨ ਦਾ ਪ੍ਰਭਾਵ ਹਰਿਆਣਾ ਜਾਂ ਉੱਤਰਾਖੰਡ ਤਕ ਵੀ ਵੇਖਿਆ ਗਿਆ, ਪਰ ਪੰਜਾਬ ‘ਚ ਇਸ ਦਾ ਪ੍ਰਭਾਵ ਘੱਟ ਜ਼ਿਲ੍ਹਿਆਂ ਤਕ ਸੀਮਤ ਸੀ। ਜੇ ਵੈਦਰ ਸਿਸਟਮ ਮਜ਼ਬੂਤ ਹੁੰਦਾ ਤਾਂ ਮਾਨਸੂਨ ਨੇ ਇੱਥੇ ਤੇਜ਼ੀ ਫੜਨੀ ਸੀ।

LEAVE A REPLY

Please enter your comment!
Please enter your name here