ਪੰਜਾਬ ਪੁਲਿਸ ਨੇ ਕੋਵਿਡ-19 ਮਹਾਮਾਰੀ ਦੌਰਾਨ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਸਬੰਧੀ ਆਯੋਜਿਤ ਕੀਤਾ ਵੈਬੀਨਾਰ

0
16

ਚੰਡੀਗੜ੍ਹ 21 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਰਾਹੀਂ ਪੰਜਾਬ ਪੁਲਿਸ ਅਤੇ ਪੰਜਾਬ ਦੇ ਨਾਗਰਿਕਾਂ ਵਿਚਲੇ ਪਾੜੇ ਨੂੰ ਦੂਰ ਕਰਨ ਲਈ, ਪੰਜਾਬ ਪੁਲਿਸ ਅਤੇ ਸੇਫਟੀ ਅਲਾਇੰਸ ਫਾਰ ਐਵਰੀਵਨ (ਸੇਫ) ਸੁਸਾਇਟੀ ਵਲੋਂ “ਕੋਵਿਡ -19 ਮਹਾਮਾਰੀ ਦੌਰਾਨ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ“ ਵਿਸ਼ੇ ‘ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਜੀਪੀ ਟ੍ਰੈਫਿਕ ਸ਼ਰਦ ਸੱਤਿਆ ਚੌਹਾਨ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਨ ਪੰਜਾਬ ਪੁਲਿਸ ਸੂਬੇ ਦੇ ਨਾਗਰਿਕਾਂ ਨਾਲ ਟ੍ਰੈਫਿਕ ਬਾਰੇ ਵਿਅਕਤੀਗਤ ਤੌਰ ‘ਤੇ ਗੱਲਬਾਤ ਨਾ ਕਰ ਸਕੀ। ਪੰਜਾਬ ਪੁਲਿਸ ਅਤੇ ਸੇਫਟੀ ਅਲਾਇੰਸ ਫਾਰ ਐਵਰੀਵਨ (ਸੇਫ) ਸੁਸਾਇਟੀ ਵਲੋਂ ‘ਸੁਰੱਖਿਅਤ ਪੰਜਾਬ ਪ੍ਰੋਗਰਾਮ’ ਤਹਿਤ ਆਯੋਜਿਤ ਕੀਤਾ ਗਿਆ ਇਹ ਵੈਬੀਨਾਰ ਦੇਸ਼ ਵਿਚ ਆਪਣੀ ਕਿਸਮ ਦਾ ਸਭ ਤੋਂ ਪਹਿਲਾ ਵੈਬੀਨਾਰ ਹੈ।

ਰੁਪਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਟ੍ਰੈਫਿਕ ਸ਼ਰਦ ਸੱਤਿਆ ਚੌਹਾਨ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਕੋਵਿਡ-19 ਨੇ ਅਜੋਕੇ ਸਮੇਂ ਵਿੱਚ ਟ੍ਰੈਫਿਕ ਪ੍ਰਬੰਧਨ ਅਤੇ ਲਾਗੂਕਰਨ ਨੂੰ ਪ੍ਰਭਾਵਿਤ ਕੀਤਾ ਅਤੇ ਇਹ ਮਹਾਮਾਰੀ ਕਿਵੇਂ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਦੇ ਭਵਿੱਖ ਨੂੰ ਬਣਾਉਣ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦਾ ਡਿਜੀਟਲ ਪਲੇਟਫਾਰਮ ਜ਼ਰੀਏ ਆਮ ਲੋਕਾਂ ਤੱਕ ਪਹੁੰਚਣ ਬਣਾਉਣ ਦੇ ਨਿਰਦੇਸ਼ਾਂ ਅਤੇ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਸੇਫਟੀ ਅਲਾਇੰਸ ਫਾਰ ਐਵਰੀਵਨ (ਸੇਫ) ਸੁਸਾਇਟੀ ਦਾ ਧੰਨਵਾਦ ਵੀ ਕੀਤਾ।

ਉਨ੍ਹਾਂ ਪੁਲਿਸ ਦੇ ਸੰਪਰਕ ਰਹਿਤ ਅਤੇ ਡਿਜੀਟਲ ਢੰਗਾਂ ਜਿਵੇਂ ਈ-ਚਲਾਨ ਸਿਸਟਮ, ਡਰੰਕ ਐਂਡ ਡ੍ਰਾਇਵ ਦੀ ਜਾਂਚ ਕਰਨ ਵੇਲੇ ਇੱਕ ਵਾਰ ਵਰਤੋਂ ਵਾਲੇ ਸਟਰਾਅ ਅਤੇ ਦਸਤਾਵੇਜਾਂ ਦੀ ਜਾਂਚ ਲਈ ਡਿਜੀ ਲਾਕਰ ਪਲੇਟਫਾਰਮ ‘ਤੇ ਜ਼ੋਰ ਦਿੱਤਾ।

ਉਨ੍ਹਾਂ ਅੱਗੇ ਦੱਸਿਆ ਕਿ ਨਾਗਰਿਕ ਖੁਦ ਬਗੈਰ ਵਰਦੀ ਦੇ ਪੁਲਿਸ ਅਧਿਕਾਰੀ ਹਨ ਜੋ ਕੋਵਿਡ -19 ਨਾਲ ਲੜ ਰਹੇ ਸੂਬੇ ਵਿੱਚ ਪੌਜ਼ੇਟਿਵ ਤਬਦੀਲੀ ਲਿਆ ਸਕਦੇ ਹਨ। ਉਨ੍ਹਾਂ ਕਿਸੇ ਟ੍ਰੈਫਿਕ ਨਿਯਮ ਦੀ ਉਲੰਘਣਾ ਹੋਣ ਸਮੇਂ ਜਿੰਮੇਵਾਰ ਨਾਗਰਿਕਾਂ ਵਲੋਂ ਅਮਲ ਵਿੱਚ ਲਿਆਉਣ ਲਈ “ਰੋਕੋ ਔਰ ਟੋਕੋ“ ਦਾ ਨਾਅਰਾ ਦਿੱਤਾ।

ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਐਸਏਐਸ ਨਗਰ ਅਤੇ ਪਟਿਆਲਾ ਵਿਚ ਸਫ਼ਲ ਪਾਇਲਟ ਪ੍ਰਾਜੈਕਟ ਤੋਂ ਬਾਅਦ ਸੂਬੇ ਭਰ ਵਿਚ ਈ-ਚਲਾਨਿੰਗ ਪ੍ਰਣਾਲੀ ਲਾਗੂ ਕਰਨ ਸਬੰਧੀ ਵਿਚਾਰ ਕਰ ਰਹੀ ਹੈ ਜਿਸ ਰਾਹੀਂ ਵੱਡੀ ਗਿਣਤੀ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਕਾਰਪੋਰੇਟ ਸ਼ੋਸਲ ਰਿਸਪਾਂਸਿਬੀਲਿਟੀ (ਸੀ.ਐਸ.ਆਰ) ਰਾਹੀਂ ਕਾਫੀ ਮਸ਼ੀਨਾਂ ਖਰੀਦੀਆਂ ਜਾਣਗੀਆਂ ਤਾਂ ਜੋ ਪੂਰੇ ਸੂਬੇ ਨੂੰ ਇੱਕ ਡਿਜੀਟਲ ਪਲੇਟਫਾਰਮ ‘ਤੇ ਲਿਆਂਦਾ ਜਾ ਸਕੇ ਅਤੇ ਸਾਰੇ ਚਲਾਨ ਮਸ਼ੀਨਾਂ ਰਾਹੀਂ ਕੀਤੇ ਜਾ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਭੁਗਤਾਨ ਡਿਜੀਟਲ ਗੇਟਵੇ ਰਾਹੀਂ ਕੀਤੇ ਜਾਣਗੇ। ਤਿਆਰ ਕੀਤੇ ਗਏ ਰਿਕਾਰਡਾਂ ਦੀ ਮੌਜੂਦਗੀ ਨਾਲ ਪੰਜਾਬ ਪੁਲਿਸ ਨੂੰ ਵਾਰ ਵਾਰ ਉਲੰਘਣਾ ਕਰਨ ਵਾਲੇ ਦੋਸ਼ੀਆਂ ‘ਤੇ ਸਖ਼ਤੀ ਨਾਲ ਪੇਸ਼ ਆਉਣ ਅਤੇ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਵਿਚ ਮਦਦ ਮਿਲੇਗੀ।

ਵੈਬਿਨਾਰ ਦੌਰਾਨ ਇਹ ਸਿੱਟਾ ਕੱਢਿਆ ਗਿਆ ਕਿ ਇਸ ਮਹਾਮਾਰੀ ਦੌਰਾਨ ਬਿਹਤਰ ਟ੍ਰੈਫਿਕ ਵਿਵਸਥਾ ਅਤੇ ਸੁਰੱਖਿਅਤ ਸੜਕੀ ਮਾਹੌਲ ਤਿਆਰ ਕਰਨ ਲਈ ਪ੍ਰਬੰਧਕੀ ਜਵਾਬਦੇਹੀ ਦੇ ਨਾਲ-ਨਾਲ ਲੋਕਾਂ ਦੇ ਭਰਵਾਂ ਹੁੰਘਾਰਾ ਵੀ ਲੋੜੀਂਦਾ ਹੈ। ਡਾ. ਸ਼ਰਦ ਨੇ ਇਹ ਵੀ ਭਰੋਸਾ ਦਿੱਤਾ ਕਿ ਵੈਬੀਨਾਰ ਦੌਰਾਨ ਪ੍ਰਾਪਤ ਹਰੇਕ ਟਿੱਪਣੀ, ਪ੍ਰਸ਼ਨ ਅਤੇ ਸੁਝਾਅ ਵੱਲ ਪੂਰੀ ਤਰ੍ਹਾਂ ਧਿਆਨ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here