*ਪੰਜਾਬ ਨੇ ਕਣਕ ਦੀ ਖ਼ਰੀਦ ਦਾ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕੀਤਾ, ਸੂਬੇ ਭਰ ਵਿੱਚ ਸੰਗਰੂਰ ਮੋਹਰੀ ਰਿਹਾ: ਆਸ਼ੂ*

0
6

ਚੰਡੀਗੜ, ਅਪ੍ਰੈਲ 29 (ਸਾਰਾ ਯਹਾਂ/ਮੁੱਖ ਸੰਪਾਦਕ) :ਪੰਜਾਬ ਨੇ ਬਹੁਤ ਸਾਰੀਆਂ ਚੁਣੌਤੀਆਂ ਖ਼ਾਸਕਰ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਕਣਕ ਦੀ ਖ਼ਰੀਦ ਦੇ 100 ਲੱਖ ਮੀਟ੍ਰਿਕ ਟਨ ਟੀਚੇ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ 10 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ ਬਾਅਦ 19 ਦਿਨਾਂ ਦਰਮਿਆਨ ਕੁੱਲ ਖ਼ਰੀਦ ਕਾਰਜਾਂ ਦਾ ਲਗਭਗ 77 ਫ਼ੀਸਦ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕਣਕ ਦੀ ਕੁੱਲ 130 ਲੱਖ ਮੀਟ੍ਰਿਕ ਟਨ ਆਮਦ ਦਾ ਅਨੁਮਾਨ ਸੀ, ਸੂਬਾ ਮੰਡੀਆਂ ਵਿੱਚ ਹੁਣ ਤੱਕ 101.86 ਲੱਖ ਮੀਟ੍ਰਿਕ ਟਨ ਦੀ ਆਮਦ ਦਰਜ ਕੀਤੀ ਗਈ ਹੈ ਜਿਸ ਵਿਚੋਂ ਚੱਲ ਰਹੇ ਰਬੀ ਮਾਰਕੀਟਿੰਗ ਸੀਜ਼ਨ (ਆਰ.ਐਮ.ਐੱਸ.) ਦੌਰਾਨ 100.17 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।ਜ਼ਿਕਰਯੋਗ ਹੈ ਕਿ ਇਸ ਸਾਲ ਮੰਡੀਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 164 ਫ਼ੀਸਦ ਵਧੇਰੇ ਕਣਕ ਦੀ ਆਮਦ ਹੋਈ, ਜਦੋਂ ਕਿ ਪਿਛਲੇ ਹਾੜੀ ਮੰਡੀਕਰਨ ਸੀਜ਼ਨ ਵਿਚ ਇਸ ਸਮੇਂ ਤੱਕ 62.44 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ।ਸ੍ਰੀ ਆਸ਼ੂ ਨੇ ਅੱਗੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸਭ ਤੋਂ ਵੱਧ 10.12 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 28 ਅਪ੍ਰੈਲ ਤੱਕ 10.04 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਅੱਗੇ ਕਿਹਾ ਕਿ ਸੰਗਰੂਰ ਤੋਂ ਬਾਅਦ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਕ੍ਰਮਵਾਰ 8.25 ਲੱਖ ਮੀਟ੍ਰਿਕ ਟਨ ਅਤੇ 8.16 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਆੜ੍ਹਤੀਆਂ ਵੱਲੋਂ ਹੁਣ ਤੱਕ 16.48 ਲੱਖ ਪਾਸ ਜਾਰੀ ਕੀਤੇ ਗਏ ਹਨ।ਉਹਨਾਂ ਇਹ ਵੀ ਦੱਸਿਆ ਕਿ ਨਵੀਂ ਲਾਗੂ ਕੀਤੀ ਡੀਬੀਟੀ ਪ੍ਰਣਾਲੀ ਤਹਿਤ 603602 ਲੱਖ ਕਿਸਾਨਾਂ ਨੂੰ 15500 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 35.1 ਲੱਖ ਹੈਕਟੇਅਰ ਜ਼ਮੀਨ ‘ਤੇ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਕਣਕ ਦੀ ਉਪਜ ਦਾ ਟੀਚਾ 177 ਲੱਖ ਮੀਟ੍ਰਿਕ ਟਨ ਹੈ, ਜਿਸ ਵਿੱਚੋਂ  ਚੱਲ ਰਹੇ ਖਰੀਦ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿੱਚ 130 ਲੱਖ ਮੀਟ੍ਰਿਕ ਟਨ ਕਣਕ ਪਹੁੰਚ ਚੁੱਕੀ ਹੈ।————–

LEAVE A REPLY

Please enter your comment!
Please enter your name here