ਪੰਜਾਬ ਨੂੰ ਜਨਵਰੀ ਮਹੀਨੇ ਦੌਰਾਨ ਜੀ.ਐਸ.ਟੀ., ਵੈਟ ਤੇ ਸੀ.ਐਸ.ਟੀ. ਤੋਂ ਕੁੱਲ 1733.95 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ

0
24

ਚੰਡੀਗੜ੍ਹ, 3 ਫਰਵਰੀ (ਸਾਰਾ ਯਹਾਂ /ਮੁੱਖ ਸੰਪਾਦਕ) : ਪੰਜਾਬ ਨੂੰ ਇਸ ਸਾਲ ਜਨਵਰੀ ਮਹੀਨੇ ਦੌਰਾਨ ਜੀ.ਐਸ.ਟੀ., ਵੈਟ ਤੇ ਸੀ.ਐਸ.ਟੀ. ਤੋਂ ਕੁੱਲ 1733.95 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ ਜਨਵਰੀ 2020 ਵਿੱਚ ਇਹੋ ਮਾਲੀਆ 1646.4 ਕਰੋੜ ਰੁਪਏ ਸੀ। ਇਸ ਤਰ੍ਹਾਂ ਜਨਵਰੀ ਮਹੀਨੇ ਵਿੱਚ ਕੁੱਲ ਮਾਲੀਏ ਵਿੱਚ ਪਿਛਲੇ ਸਾਲ ਦੇ ਮੁਕਾਬਲੇ 5.32 ਫੀਸਦੀ ਵਾਧਾ ਹੋਇਆ।
ਪੰਜਾਬ ਦਾ ਜਨਵਰੀ 2021 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 1185.96 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 1194.81 ਕਰੋੜ ਸੀ, ਜੋ ਕਿ ਪਿਛਲੇ ਸਾਲ ਨਾਲੋਂ 0.74 ਫੀਸਦੀ ਦਾ ਘਾਟਾ ਦਰਸਾਉਂਦਾ ਹੈ।
ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰੈਲ ਤੋਂ ਜਨਵਰੀ, 2021 ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 9066.96 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਨ੍ਹਾਂ 10 ਮਹੀਨਿਆਂ ਦੇ ਸਮੇਂ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 10,562.51 ਕਰੋੜ ਰੁਪਏ ਸੀ। ਇਸ ਤਰ੍ਹਾਂ 14 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਵਰੀ 2021 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 1185.96 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ ਕਰੀਬ 49.35 ਫੀਸਦੀ ਬਣਦਾ ਹੈ। ਇਸ ਤਰ੍ਹਾਂ ਜਨਵਰੀ 2021 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1217.04 ਕਰੋੜ ਰੁਪਏ ਹੈ ਜੋ ਕਿ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਅਪਰੈਲ ਤੋਂ ਜਨਵਰੀ 2021 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 8253 ਕਰੋੜ ਰੁਪਏ ਬਣਦੀ ਹੈ ਜੋ ਕਿ ਭਾਰਤ ਸਰਕਾਰ ਵੱਲ ਬਾਕਾਇਆ ਪਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਸੰਗ੍ਰਹਿ ਜਨਵਰੀ 2021 ਦੇ ਮਹੀਨੇ ਦੌਰਾਨ 1,19,847 ਕਰੋੜ ਰੁਪਏ ਹੈ ਜਦੋਂ ਕਿ ਪਿਛਲੇ ਸਾਲ ਜਨਵਰੀ 2020 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਦਾ ਮਾਲੀਆ 1,10,828 ਕਰੋੜ ਰੁਪਏ ਇਕੱਤਰ ਹੋਇਆ। ਇਸ ਤਰ੍ਹਾਂ 8 ਫੀਸਦੀ ਵਾਧਾ ਦਰਜ ਹੋਇਆ। ਜਨਵਰੀ 2021 ਲਈ ਕੌਮੀ ਐਸ.ਜੀ.ਐਸ.ਟੀ. ਕੁੱਲ 48,385 ਕਰੋੜ ਰੁਪਏ ਇਕੱਤਰ ਹੋਇਆ ਜਿਸ ਵਿੱਚ ਪੰਜਾਬ ਦਾ ਯੋਗਦਾਨ 2.5 ਫੀਸਦੀ ਰਿਹਾ।
ਉਨ੍ਹਾਂ ਅੱਗੇ ਦੱਸਿਆ ਕਿ ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਅਤੇ ਸੀ.ਐਸ.ਟੀ. ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ। ਵੈਟ ਅਤੇ ਸੀ.ਐਸ.ਟੀ. ਇਕੱਤਰ ਕਰਨ ਵਿੱਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਹਨ। ਜਨਵਰੀ 2021 ਦੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਦੀ ਕੁਲੈਕਸ਼ਨ 547.99 ਕਰੋੜ ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਜਨਵਰੀ 2020 ਦੇ ਮਹੀਨੇ ਲਈ ਇਹੋ ਕੁਲੈਕਸ਼ਨ 451.59 ਕਰੋੜ ਰੁਪਏ ਸੀ। ਇਸ ਤਰ੍ਹਾਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 21.34 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਪਰੈਲ ਤੋਂ ਜਨਵਰੀ 2021 ਲਈ ਵੈਟ ਅਤੇ ਸੀ.ਐਸ.ਟੀ. ਕੁੱਲ ਮਾਲੀਆ 5022.01 ਕਰੋੜ ਰੁਪਏ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਕੁੱਲ ਮਾਲੀਆ 4589.18 ਕਰੋੜ ਰੁਪਏ ਸੀ, ਜੋ ਕਿ 9.43 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
——–

LEAVE A REPLY

Please enter your comment!
Please enter your name here