*ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ 2 ਮਈ ਦੇ ਘਿਰਾਓ ਪ੍ਰੋਗਰਾਮ ਵਿੱਚ ਤਬਦੀਲੀ , ਹੁਣ ਸਿਰਫ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰੇ ਜਾਣਗੇ*

0
14

ਪਟਿਆਲਾ 1,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਅਤੇ ਨਹਿਰੀ ਪਾਣੀ ਦੀ ਘਾਟ ਦੇ ਚਲਦਿਆਂ ਪੈਦਾ ਹੋਏ ਹਾਲਾਤ ਕਾਰਨ 2 ਮਈ ਨੂੰ ਬਿਜਲੀ ਬੋਰਡ ਅਤੇ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰਨ ਦਾ ਸੱਦਾ ਦਿੱਤੇ ਜਾਣ ਮਗਰੋਂ ਅੱਜ ਬਿਜਲੀ ਬੋਰਡ ਦੇ ਚੇਅਰਮੈਨ ਸ੍ਰੀ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਐਮਰਜੈਂਸੀ ਮੀਟਿੰਗ ਲਈ ਸੱਦਾ ਦਿੱਤੇ ਜਾਣ ਮਗਰੋਂ ਪਟਿਆਲਾ ਵਿਖੇ ਉਨ੍ਹਾਂ ਦੇ ਦਫਤਰ ਵਿਚ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਬਿਜਲੀ ਬੋਰਡ ਦੇ ਚੇਅਰਮੈਨ ਨੇ ਬੀਤੇ ਦਿਨੀ ਬਿਜਲੀ ਦੇ ਪੈਦਾ ਹੋਏ ਸੰਕਟ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨ ਆਗੂਆਂ ਨੂੰ ਪੱਕਾ ਭਰੋਸਾ ਦਿੱਤਾ ਕਿ ਹੁਣ ਤੋਂ ਖੇਤੀ ਮੋਟਰਾਂ ਲਈ ਰੋਜ਼ਾਨਾ 4 ਘੰਟੇ ਅਤੇ ਇੱਕ ਦਿਨ ਛੱਡ ਕੇ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਬਿਜਲੀ ਬੋਰਡ ਨੇ ਢੁੱਕਵੇ ਪ੍ਰਬੰਧ ਕਰ ਲਏ ਹਨ। ਪੈਡੀ ਸੀਜ਼ਨ ਦੀਆਂ ਬਾਕੀ ਸਮੱਸਿਆਵਾਂ ਅਤੇ ਸਬੰਧਤ ਖੇਤਰਾਂ ਦੇ ਬਿਜਲੀ ਬੋਰਡ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ 8 ਮਈ ਨੂੰ ਮੁੜ ਉਨ੍ਹਾਂ ਦੇ ਦਫਤਰ ਵਿਖੇ ਦਿਨੇ 11 ਵਜੇ ਮੀਟਿੰਗ ਹੋਵੇਗੀ।
ਚੇਅਰਮੈਨ ਵੱਲੋਂ ਮਿਲੇ ਇਸ ਹਾਂ ਪੱਖੀ ਭਰੋਸੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੱਲ੍ਹ ਨੂੰ ਹੋਣ ਵਾਲੇ ਘੇਰਾਉ ਪ੍ਰੋਗਰਾਮ ਵਿੱਚ ਤਬਦੀਲੀ ਕਰਦਿਆਂ ਇਸ ਨੂੰ ਸਿਰਫ ਨਹਿਰੀ ਵਿਭਾਗ ਦੇ ਐਕਸੀਅਨਾਂ ਵੱਲ ਸੇਧਿਤ ਕਰ ਦਿੱਤਾ ਹੈ।ਅੱਜ ਦੀ ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿੱਲ, ਹਰਮੀਤ ਸਿੰਘ ਕਾਦੀਆਂ, ਸਤਨਾਮ ਸਿੰਘ ਬਹਿਰੂ, ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਸ਼ਾਦੀਪੁਰ, ਜਗਮੋਹਣ ਸਿੰਘ ਪਟਿਆਲਾ, ਦਵਿੰਦਰ ਸਿੰਘ ਪੂਨੀਆ, ਗੁਰਮੀਤ ਸਿੰਘ ਭੱਟੀਵਾਲ ਅਤੇ ਵੀਰਪਾਲ ਸਿੰਘ ਸਮੇਤ ਕਈ ਹੋਰ ਕਿਸਾਨ ਆਗੂ ਸ਼ਾਮਲ ਸਨ। ਦੱਸ ਦੇਈਏ ਕਿ ਇੱਕ ਪਾਸੇ ਅਪ੍ਰੈਲ ਦੇ ਮਹੀਨੇ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਦੂਜਾ ਪੰਜਾਬ ਅੰਦਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਸਮੱਸਿਆ ਬਣੀ ਹੋਈ ਹੈ। ਜਿਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਦੇ  ਲੰਬੇ -ਲੰਬੇ ਕੱਟ ਲੱਗ ਰਹੇ ਹਨ। 

LEAVE A REPLY

Please enter your comment!
Please enter your name here