
ਮੁਹਾਲੀ 01 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ‘ਚ ਇਕ ਪਾਸੇ ਜਿਥੇ ਕੋਰੋਨਾਵਾਇਰਸ ਦੇ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਉਥੇ ਦੂਜੇ ਪਾਸੇ ਟੀਕਾਕਰਨ ਮੁੰਹਿਮ ਦੀ ਸ਼ੁਰੂਆਤ ਵੀ ਹੋਈ ਪਈ ਹੈ। ਅੱਜ ਤੋਂ ਦੇਸ਼ ਭਰ ‘ਚ ਤੀਸਰੇ ਪੜਾਅ ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਰਕਾਰ 18 ਤੋਂ 45 ਸਾਲ ਦੇ ਲੋਕਾਂ ਨੂੰ ਵੈਕਸੀਨ ਮੁਹੱਈਆ ਕਰਵਾਏਗੀ। ਇਸ ਉਮਰ ਸਮੂਹ ਦੇ ਲੋਕਾਂ ਨੂੰ ਵੀ ਮੁਫਤ ਵੈਕਸੀਨ ਲਗਾਈ ਜਾਵੇਗੀ ਅਤੇ ਇਸ ਦੇ ਲਈ 30 ਲੱਖ ਕੋਵੀਸ਼ਿਲਡ ਖੁਰਾਕਾਂ ਦਾ ਆਰਡਰ ਦਿੱਤਾ ਗਿਆ ਹੈ।
ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ‘ਚ ਜਿਥੇ ਟੀਕਾਕਰਣ ਹੋ ਰਿਹਾ ਹੈ, ਉਥੇ ਦੇਖਣ ਨੂੰ ਮਿਲਿਆ ਕਿ ਸਿਹਤ ਕਰਮਚਾਰੀ 18 ਸਾਲ ਤੋਂ ਉਪਰ ਦੀ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾ ਰਹੇ ਸੀ। ਟੀਕਾ ਲਗਵਾਉਣ ਲਈ, 45 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਵੱਡੀ ਗਿਣਤੀ ‘ਚ ਆਏ।
ਹਾਲਾਂਕਿ ਸਿਹਤ ਅਧਿਕਾਰੀ ਇਸ ‘ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਸੀ, ਪਰ ਆਫ ਦ ਰਿਕਾਰਡ ਦੱਸਿਆ ਗਿਆ ਹੈ ਕਿ 18 ਸਾਲ ਤੋਂ ਉਪਰ ਉਮਰ ਦੇ ਹਰ ਉਮਰ ਸਮੂਹ ਦੇ ਲੋਕਾਂ ਨੂੰ ਟੀਕਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹੁਣ ਤੱਕ ਉਪਲਬਧ ਵੈਕਸੀਨ ਰਾਜ ਸਰਕਾਰ ਕੋਲ ਉਹ ਵੈਕਸੀਨ ਹੈ, ਜੋ ਕੇਂਦਰ ਸਰਕਾਰ ਵਲੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ। ਵੈਕਸੀਨ ਲਗਵਾਉਣ ਵਾਲੇ ਬਹੁਤ ਸਾਰੇ 45 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਇਆ ਸੀ ਤੇ ਕਈਆਂ ਨੇ ਉਥੇ ਆ ਕੇ ਫਾਰਮ ਭਰਿਆ ਸੀ।
