ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਾ ਯਕੀਨ ਹੈ ਕਿ ਅਗਲੀ ਵਾਰ ਉਨ੍ਹਾਂ ਦੀ ਹੀ ਸਰਕਾਰ ਬਣੇਗੀ। ਸ਼ਾਇਦ ਇਸੇ ਲਈ ਹੀ ਪਿਛਲੇ ਦਿਨੀਂ ਉਨ੍ਹਾਂ ਅਗਲੀ ਵਾਰ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਂਝ ਕੈਪਟਨ ਨੇ 2021 ਦੀਆਂ ਚੋਣਾਂ ਵੇਲੇ ਕਹਿ ਦਿੱਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਚਰਚਾ ਹੈ ਕਿ ਪੰਜਾਬ ਦੇ ਸਿਆਸੀ ਹਾਲਾਤ ਨੂੰ ਵੇਖਦਿਆਂ ਕੈਪਟਨ ਦਾ ਇਰਾਦਾ ਬਦਲਿਆ ਹੈ।
ਕੈਪਟਨ ਦਾ ਕਹਿਣਾ ਹੈ ਕਿ ਕਮਜ਼ੋਰ ਵਿਰੋਧੀਆਂ ਤੇ ਆਪਣੇ ਕੀਤੇ ਕੰਮਾਂ ਸਦਕਾ ਕਾਂਗਰਸ ਪਾਰਟੀ ਦਾ ਸੱਤਾ ਵਿੱਚ ਦੁਬਾਰਾ ਆਉਣਾ ਯਕੀਨੀ ਹੈ। ਕੈਪਟਨ ਸਮਝਦੇ ਹਨ ਕਿ ਅਕਾਲੀ ਦਲ ਆਪਣਾ ਆਧਾਰ ਗੁਆ ਬੈਠੇ ਹਨ ਜਦੋਂਕਿ ‘ਆਪ’ ਸੂਬੇ ਵਿੱਚ ਪੂਰੀ ਤਰ੍ਹਾਂ ਉਲਝਣ ਹੇਠ ਹੈ। ਇਸ ਲਈ ਲੋਕਾਂ ਕੋਲ ਕਾਂਗਰਸ ਦਾ ਕੋਈ ਬਦਲ ਨਹੀਂ ਹੈ।
ਕੈਪਟਨ ਆਪਣੀ ਇਸ ਧਾਰਨਾ ਨੂੰ ਸਪਸ਼ਟ ਕਰਨ ਲਈ ਦਲੀਲ ਦਿੰਦੇ ਹਨ ਕਿ ਅਕਾਲੀਆਂ ਕੋਲ ਇਸ ਵੇਲੇ ਲੀਡਰਸ਼ਿਪ ਹੀ ਨਹੀਂ ਕਿਉਂਕਿ ਬਾਦਲਾਂ ਨੇ ਕਦੇ ਹੋਰ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ। ਦੂਜੇ ਪਾਸੇ ‘ਆਪ’ ਦੀ 2017 ਵਿੱਚ ਪੂਰੀ ਤਰ੍ਹਾਂ ਹਵਾ ਸੀ ਪਰ ਪਾਰਟੀ ਇਸ ਨੂੰ ਜਿੱਤ ਵਿੱਚ ਬਦਲਣ ’ਚ ਨਾਕਾਮ ਰਹੀ। ਸ਼ਾਇਦ ਦੋਵਾਂ ਪਾਰਟੀਆਂ ਦੀਆਂ ਕਮੀਆਂ ਹੀ ਕੈਪਟਨ ਨੂੰ ਆਪਣੀ ਤਾਕਤ ਲੱਗ ਰਹੀਆਂ ਹਨ।
ਉਂਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕੈਪਟਨ ਦੀ ਇਹ ਦਲੀਲ ਸਹੀ ਹੈ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਅਜੇ ਉੱਭਰ ਨਹੀਂ ਸਕੀਆਂ ਪਰ ਕੈਪਟਨ ਖਿਲਾਫ ਵੀ ਪੰਜਾਬ ਅੰਦਰ ਜਬਰਦਸਤ ਰੋਸ ਹੈ। ਇਸ ਲਈ ਕਈ ਮੌਕਿਆਂ ‘ਤੇ ਅਜਿਹਾ ਵੀ ਹੁੰਦਾ ਹੈ ਕਿ ਲੋਕ ਕਿਸੇ ਪਾਰਟੀ ਨੂੰ ਜਿਤਾਉਣ ਲਈ ਨਹੀਂ ਸਗੋਂ ਹਰਾਉਣ ਲਈ ਮੈਦਾਨ ਵਿੱਚ ਆਉਂਦੇ ਹਨ। ਇਸ ਲਈ ਜੇਕਰ ਕੈਪਟਨ ਨੇ ਅਗਲੇ ਦੋ ਸਾਲਾਂ ਅੰਦਰ ਆਪਣੀ ਸਰਕਾਰ ਦਾ ਅਕਸ ਨਾ ਸੁਧਾਰਿਆ ਤਾਂ ਕਾਂਗਰਸ ਦੇ ਸੁਫਨੇ ਨੂੰ ਵੀ ਗ੍ਰਹਿਣ ਲੱਗ ਸਕਦਾ ਹੈ।