ਪੰਜਾਬ ‘ਚ ਬਲੈਕ ਆਊਟ ਦਾ ਖਤਰਾ! ਮਾਲ ਗੱਡੀਆਂ ਚਲਾਉਣ ਲਈ ਨਹੀਂ ਮੰਨੀ ਮੋਦੀ ਸਰਕਾਰ

0
82

ਚੰਡੀਗੜ੍ਹ 30 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਜਾਰੀ ਹੈ। ਪੰਜਾਬ ਦੇ ਕਿਸਾਨਾਂ ਤੇ ਸੂਬਾ ਸਰਕਾਰ ਵਿਚਾਲੇ ਗੱਲਬਾਤ ਅਸਫ਼ਲ ਹੋਣ ਦੇ ਬਾਅਦ ਕਿਸਾਨ ਕਈ ਥਾਵਾਂ ਤੇ ਨਿੱਜੀ ਥਰਮਲ ਪਾਵਰ ਪਲਾਂਟਾਂ ਨੂੰ ਜਾਣ ਵਾਲੇ ਰੇਲਵੇ ਟਰੈਕਾਂ ਤੇ ਬੈਠੇ ਹੋਏ ਹਨ। ਉਧਰ ਕੇਂਦਰ ਸਰਕਾਰ ਵੀ ਅੜ੍ਹ ਗਈ ਹੈ ਕਿ ਕਿਸਾਨਾਂ ਦੇ ਪਟੜੀਆਂ ਤੋਂ ਉੱਠਣ ਮਗਰੋਂ ਹੀ ਰੇਲਾਂ ਚੱਲ਼ਣਗੀਆਂ। ਇਸ ਕਾਰਨ ਪੰਜਾਬ ਅੰਦਰ ਮਾਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ ਤੇ ਰੇਲ ਸੇਵਾ ਠੱਪ ਹੈ। ਇਸ ਕਾਰਨ ਕੋਲੇ ਦੀ ਕਮੀ ਆਉਣ ਦਾ ਅਨੁਮਾਨ ਹੈ ਤੇ ਪੰਜਾਬ ਅੰਦਰ ਬਿਜਲੀ ਦਾ ਉਤਪਾਦਨ ਬੰਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਪੰਜਾਬ ਅੰਦਰ ਪੂਰੀ ਤਰ੍ਹਾਂ ਪਾਵਰ ਬਲੈਕ ਆਊਟ ਵੀ ਹੋ ਸਕਦਾ ਹੈ।

ਦੱਸ ਦਈਏ ਕਿ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾਂ ਤੇ ਪੰਜਾਬ ਦੇ ਮੰਤਰੀਆਂ ਵਿਚਕਾਰ ਰੇਲਵੇ ਟਰੈਕ ਖਾਲੀ ਕਰਨ ਲਈ ਹੋਈ ਇੱਕ ਮੀਟਿੰਗ ਅਸਫਲ ਰਹੀ। ਬਕੀਯੂ ਉਗਰਾਹਾਂ ਨੇ ਮੰਤਰੀਆਂ ਦੀ ਨਿੱਜੀ ਥਰਮਲ ਪਲਾਂਟਾਂ ਵੱਲ ਜਾਣ ਵਾਲੇ ਰੇਲਵੇ ਟਰੈਕਾਂ ਤੋਂ ਧਰਨਾ ਹਟਾਉਣ ਦੀ ਅਪੀਲ ਨੂੰ ਠੁਕਰਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਭਾਜਪਾ ਨੇਤਾਵਾਂ ਤੇ ਕਾਰਪੋਰੇਟ ਘਰਾਣਿਆਂ ਦੀਆਂ ਸੰਸਥਾਵਾਂ ਦਾ ਘਿਰਾਓ ਕਰਦਾ ਰਹੇਗਾ।

ਪੰਜਾਬ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਮਾਲ ਗੱਡੀਆਂ ਨਹੀਂ ਚੱਲ ਰਹੀਆਂ ਤੇ ਸੂਬੇ ਦੇ ਪੰਜੇ ਥਰਮਲ ਪਾਵਰ ਪਲਾਂਟ ਬੰਦ ਹੋ ਗਏ ਹਨ। ਸਰਕਾਰੀ ਅਤੇ ਨਿੱਜੀ ਦੋਨੋਂ ਥਰਮਲ ਪਾਵਰ ਪਲਾਂਟਾਂ ਅੰਦਰ ਕੋਲੇ ਦੀ ਕਮੀ ਕਾਰਨ ਪਲਾਂਟ ਵਿੱਚ ਬਿਜਲੀ ਉਤਪਾਦਨ ਨਹੀਂ ਹੋ ਰਿਹਾ।ਸੂਬੇ ਦੀ ਬਿਜਲੀ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਪਾਵਰਕੌਮ ਨੈਸ਼ਨਲ ਗ੍ਰਿਡ ਤੋਂ ਰੋਜ਼ਾਨਾ 60 ਕਰੋੜ ਰੁਪਏ ਦੀ ਬਿਜਲੀ ਖਰੀਦ ਰਹੀ ਹੈ।ਪਾਵਰਕੌਮ ਨੂੰ ਰੋਜ਼ਾਨਾ ਕਰੀਬ ਇੱਕ ਹਜ਼ਾਰ ਮੇਗਾਵਾਟ ਬਿਜਲੀ ਦੀ ਖਰੀਦ ਕਰਨੀ ਪੈ ਰਹੀ ਹੈ।

ਦੱਸ ਦੇਈਏ ਕਿ ਅੰਦੋਲਨ ਕਾਰਨ ਸਾਰੀਆਂ ਮਾਲ ਗੱਡੀਆਂ, ਪਾਰਸਲ ਟ੍ਰੇਨਾਂ ਅਤੇ ਯਾਤਰੀ ਰੇਲ ਗੱਡੀਆਂ 24 ਸਤੰਬਰ ਤੋਂ ਬੰਦ ਹਨ।ਕੋਲੇ ਦਾ ਸਟਾਕ ਨਾ ਹੋਣ ਕਾਰਨ ਸੂਬੇ ਦੇ ਸਰਕਾਰੀ ਰੋਪੜ ਤੇ ਲਹਿਰਾ ਮੋਹਬੱਤ ਥਰਮ ਪ੍ਰੋਜੈਕਟ ਤੋਂ ਇਲਾਵਾ ਨਿੱਜੀ ਸੈਕਟਰ ਦੇ ਰਾਜਪੁਰਾ, ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਦੇ ਥਰਮਲ ਪਾਵਰ ਪਲਾਂਟਾਂ ਦੀਆਂ ਸਾਰੀਆਂ ਯੂਨਿਟਾਂ ਬਿਜਲੀ ਉਤਪਾਦਨ ਲਈ ਬੰਦ ਹਨ।ਵੀਰਵਾਰ ਨੂੰ ਸੂਬੇ ਅੰਦਰ ਬਿਜਲੀ ਦੀ ਮੰਗ ਕਰੀਬ 5670 ਮੇਗਾਵਾਟ ਰਹੀ। ਪੰਜਾਬ ਅੰਦਰ ਕਿਸਾਨ ਅੰਦੋਲਨ ਕਾਰਨ ਜਿੱਥੇ ਥਰਮਲ ਪਾਵਰ ਪਲਾਂਟ ਬੰਦ ਹਨ ਉਥੇ ਹੀ ਹੁਣ ਬਿਜਲੀ ਦੀ ਸਪਲਾਈ ਲਈ ਹਾਈਡਲ ਪਾਵਰ ਪ੍ਰੋਜੈਕਟ ਤੇ  ਨੈਸ਼ਨਲ ਗ੍ਰਿਡ ਤੇ ਨਿਰਭਰਤਾ ਵੱਧ ਗਈ ਹੈ।

ਨਿੱਜੀ ਸੈਕਟਰ ਦੇ ਰਾਜਪੁਰਾ ਤੇ ਤਲਵੰਡੀ ਸਾਬੋ ਥਰਮਲ ਪ੍ਰੋਜੈਕਟਾਂ ‘ਚ ਤਾਂ ਕੋਲਾ ਪੂਰੀ ਤਰ੍ਹਾਂ ਮੁੱਕ ਚੁੱਕਾ ਹੈ।ਜਦਕਿ ਗੋਇੰਦਵਾਲ ਸਾਹਿਬ ਪਲਾਂਟ ‘ਚ ਢਾਈ ਦਿਨ ਅਤੇ ਰੋਪੜ ਪਲਾਂਟ ‘ਚ ਕਰੀਬ ਛੇ ਦਿਨ ਅਤੇ ਲਹਿਰਾ ਮੋਹੱਬਤ ਪਾਵਰ ਪਲਾਂਟ ‘ਚ ਚਾਰ ਦਿਨ ਦਾ ਹੀ ਕੋਲਾ ਬਾਕੀ ਹੈ। ਪਾਵਰਕੌਮ ਦੇ ਮੁਤਾਬਿਕ ਪਾਵਰ ਸਪਲਾਈ ਦੀ ਡਿਮਾਂਡ ਨੈਸ਼ਨਲ ਗ੍ਰਿਡ ਤੋਂ ਬਿਜਲੀ ਲੈ ਕਿ ਪੂਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here