ਮੁਹਾਲੀ ਨੂੰ ਵੱਡਾ ਤੌਹਫਾ, ਪੰਜਾਬ ਕੈਬਨਿਟ ਨੇ ਦਿੱਤੀ ਵਿਸ਼ਵ ਪੱਧਰੀ ਯੂਨੀਵਰਸਿਟੀ ਦੀ ਸਥਾਪਨਾ ਨੂੰ ਮਨਜ਼ੂਰੀ

0
21

ਚੰਡੀਗੜ੍ਹ, 2 ਦਸੰਬਰ  (ਸਾਰਾ ਯਹਾ / ਮੁੱਖ ਸੰਪਾਦਕ) ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮੁਹਾਲੀ ਦੀ ਆਈ.ਟੀ.ਸਿਟੀ ਵਿੱਚ ਐਮਿਟੀ ਐਜੂਕੇਸ਼ਨ ਗਰੁੱਪ ਦੇ ਵਿਸ਼ਵ ਪੱਧਰੀ ਯੂਨੀਵਰਸਿਟੀ ਕੈਂਪਸ ਨੂੰ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਇਸ ਖੇਤਰ ਦਾ ਪ੍ਰਮੁੱਖ ਸਿੱਖਿਆ ਧੁਰੇ ਵਜੋਂ ਵਿਕਸਿਤ ਹੋਣ ਲਈ ਰਾਹ ਪੱਧਰਾ ਹੋ ਗਿਆ।
ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਡਿਓ ਕਾਨਫਰੰਸ ਰਾਹੀਂ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ।
ਪੰਜਾਬ ਵਜ਼ਾਰਤ ਨੇ ‘ਦੀ ਐਮਿਟੀ ਯੂਨੀਵਰਸਿਟੀ ਆਰਡੀਨੈਂਸ, 2020’ ਨੂੰ ਵੀ ਮਨਜ਼ੂਰੀ ਦੇ ਦਿੱਤੀ ਅਤੇ ਮੁੱਖ ਮੰਤਰੀ ਨੂੰ ਕਾਨੂੰਨੀ ਮਸ਼ੀਰ ਵੱਲੋਂ ਤਿਆਰ ਕੀਤੇ ਅੰਤਿਮ ਖਰੜੇ ਨੂੰ ਬਿਨਾਂ ਕੈਬਨਿਟ ਵਿੱਚ ਰੱਖੇ ਮਨਜ਼ੂਰ ਕਰਨ ਲਈ ਅਧਿਕਾਰਤ ਕਰ ਦਿੱਤਾ।
ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜ ਸਾਲਾਂ ਵਿੱਚ 664.32 ਕਰੋੜ ਰੁਪਏ ਦੇ ਨਿਵੇਸ਼ ਨਾਲ ਮੁਹਾਲੀ (ਐਸ.ਏ.ਐਸ. ਨਗਰ) ਦੀ ਪ੍ਰਮੁੱਖ ਜਗ੍ਹਾਂ ਉਤੇ 40 ਏਕੜ ਰਕਬੇ ਵਿੱਚ ਸੈਲਫ ਫਾਇਨਾਂਸਡ ਪ੍ਰਾਈਵੇਟ ‘ਐਮਿਟੀ ਯੂਨੀਵਰਸਿਟੀ ਪੰਜਾਬ’ ਦਾ ਸਥਾਪਤ ਹੋਣ ਵਾਲਾ ਅਤਿ-ਆਧੁਨਿਕ ਕੈਂਪਸ ਉਚ ਪੱਧਰੀ ਖੋਜ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹਤ ਕਰੇਗਾ। ਇਹ ਯੂਨੀਵਰਸਿਟੀ ਅਗਲੇ ਅਕਾਦਮਿਕ ਸਾਲ ਤੋਂ ਸ਼ੁਰੂ ਹੋਵੇਗੀ ਜਿਸ ਦਾ ਪਹਿਲਾ ਸੈਸ਼ਨ ਜੂਨ-ਜੁਲਾਈ 2021 ਵਿੱਚ ਸ਼ੁਰੂ ਹੋਵੇਗਾ।
ਚੰਡੀਗੜ੍ਹ/ਮੁਹਾਲੀ ਹਵਾਈ ਅੱਡੇ ਤੋਂ ਮਹਿਜ਼ 10 ਮਿੰਟ ਦੀ ਦੂਰੀ ‘ਤੇ ਸਥਾਪਤ ਹੋਣ ਵਾਲੀ ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇਬਾਜ਼ੀ ਲਈ ਤਿਆਰ ਕਰਨ ਲਈ ਉਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਵੱਡਾ ਰੋਲ ਨਿਭਾਏਗੀ। ਯੂਨੀਵਰਸਿਟੀ ਵਿੱਚ ਸਾਲਾਨਾ 1500-2000 ਵਿਦਿਆਰਥੀਆਂ ਦੇ ਦਾਖਲੇ ਹੋਣਗੇ। ਉਚ ਪੱਧਰੀ ਖੋਜ ਅਤੇ ਕੌਮਾਂਤਰੀ ਸਹਿਯੋਗ ਦੇ ਕੇਂਦਰ ਤੋਂ ਇਲਾਵਾ ਯੂਨੀਵਰਸਿਟੀ ਯੂ.ਜੀ.ਸੀ. ਅਤੇ ਪੰਜਾਬ ਸੂਬੇ ਦੇ ਦਾਇਰੇ ਅੰਦਰ ਨੌਕਰੀ ਮੁਖੀ ਗਰੈਜੂਏਟ, ਪੋਸਟ ਗਰੈਜੂਏਟ, ਪੀਐਚ.ਡੀ. ਤੇ ਪੋਸਟ ਪੀਐਚ.ਡੀ. ਦੇ ਵੱਖ-ਵੱਖ ਪ੍ਰੋਗਰਾਮ ਤਿਆਰ ਕਰੇਗੀ। ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਇਹ ਹੱਦਾਂ ਤੋਂ ਪਾਰ ਬਹੁਮੰਤਵੀ ਪਹੁੰਚ ਨੂੰ ਉਤਸ਼ਾਹਤ ਕਰੇਗੀ।
ਮੁਹਾਲੀ ਵਿੱਚ ਮਿਆਰੀ ਸਿੱਖਿਆ ਅਤੇ ਇਸ ਖੇਤਰ ਦੇ ਸਰਵਪੱਖੀ ਵਿਕਾਸ ਲਿਆਉਣ ਦੀ ਉਮੀਦ ਨਾਲ ਇਹ ਯੂਨੀਵਰਸਿਟੀ ਅਜਿਹੀ ਅਨੁਸ਼ਾਸਨੀ ਸੰਸਥਾ ਹੋਵੇਗਾ ਜਿਸ ਵਿੱਚ ਵੱਖ-ਵੱਖ ਵਿਭਾਗ ਜਿਵੇਂ ਕਿ ਇੰਜੀਅਨਰਿੰਗ, ਕੰਪਿਊਟਰ/ਆਈ.ਟੀ., ਕਮਿਊਨੀਕੇਸ਼ਨ, ਕਾਮਰਸ, ਮੈਨੇਜਮੈਂਟ, ਮਨੋਵਿਗਿਆਨ, ਲਿਬਰਲ ਆਰਟ, ਇੰਗਲਿਸ਼ ਲਿਟਰੇਚਰ ਆਦਿ ਹੋਣਗੇ।
ਆਰਡੀਨੈਂਸ ਅਤੇ ਨਿਯਮਾਂ ਤੇ ਸ਼ਰਤਾਂ ਮੁਤਾਬਕ ਪੰਜਾਬ ਸਰਕਾਰ ਨੇ ਇਸ ਸਥਾਪਤ ਹੋਣ ਵਾਲੀ ਯੂਨੀਵਰਸਿਟੀ ਵਿੱਚ ਪੰਜਾਬ ਦੇ ਵਿਦਿਆਰਥੀਆਂ ਲਈ 15 ਫੀਸਦੀ ਰਾਖਵਾਂਕਰਨ ਲਾਜ਼ਮੀ ਕੀਤਾ ਹੈ। ਇਸ ਦੇ ਨਾਲ ਹੀ ਕੁੱਲ ਗਿਣਤੀ ਦੇ 5 ਫੀਸਦੀ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਣੀ ਲਾਜ਼ਮੀ ਹੋਵੇਗੀ। ਯੂਨੀਵਰਸਿਟੀ ਯੂ.ਜੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਚਿੰਗ ਤੇ ਨਾਨ-ਟੀਚਿੰਗ ਦੇ ਅਮਲੇ ਦੀ ਭਰਤੀ ਕਰ ਸਕੇਗੀ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਮਿਆਰੀ ਉਚੇਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ ‘ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ, 2010’ ਤਿਆਰ ਕੀਤੀ ਸੀ। ਇਸੇ ਤਹਿਤ ਰਿਤਨੰਦ ਬੈਲਵਦ ਐਜੂਕੇਸ਼ਨ ਫਾਉਡੇਸ਼ਨ, ਨਵੀਂ ਦਿੱਲੀ ਵੱਲੋਂ ਐਸ.ਏ.ਐਸ. ਨਗਰ (ਮੁਹਾਲੀ) ਦੀ ਆਈ.ਟੀ.ਸਿਟੀ ਦੇ ਸੈਕਟਰ-82 ਅਲਫਾ ਦੇ ਡੀ ਬਲਾਕ ਵਿੱਚ ਐਮਿਟੀ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਸੌਂਪੀ ਗਈ ਸੀ। ਤਜਵੀਜ਼ ਨੂੰ ਪਾਲਿਸੀ ਅਨੁਸਾਰ ਵਿਚਾਰਦੇ ਹੋਏ ਉਚੇਰੀ ਸਿੱਖਿਆ ਵਿਭਾਗ ਵੱਲੋਂ 18 ਫਰਵਰੀ, 2020 ਨੂੰ ਸਬੰਧਤ ਸੰਸਥਾ ਨੂੰ ਸਹਿਮਤੀ ਦਾ ਪੱਤਰ ਜਾਰੀ ਕੀਤਾ ਗਿਆ ਸੀ।
ਮੁਹਾਲੀ ਦੀ ਇਹ ਦਸਵੀਂ ਯੂਨੀਵਰਸਿਟੀ ਹੋਵੇਗੀ ਜੋ ਗੈਰ ਮੁਨਾਫਾ ਐਮਿਟੀ ਐਜੂਕੇਸ਼ਨ ਗਰੁੱਪ ਵੱਲੋਂ ਸਥਾਪਤ ਕੀਤੀ ਜਾਵੇਗੀ। ਇਹ ਭਾਰਤ ਦੇ ਮੋਹਰੀ ਗਲੋਬਲ ਸਿੱਖਿਆ ਗਰੁੱਪਾਂ ਵਿੱਚੋਂ ਇਕ ਹੈ ਜਿਸ ਦੀਆਂ ਵਿਸ਼ਵ ਦੇ 16 ਮੁਲਕਾਂ ਵਿੱਚ ਸਥਾਪਤ 9 ਯੂਨੀਵਰਸਿਟੀਆਂ ਤੇ 26 ਸਕੂਲ ਕੈਪਸਾਂ ਵਿੱਚ 1,75,000 ਵਿਦਿਆਰਥੀ ਅਤੇ 6000 ਫੈਕਲਟੀ ਮੈਂਬਰ ਹਨ। ਪੰਜਾਬ ਵਿੱਚ ਵਿਸ਼ਵ ਪੱਧਰੀ ਸੰਸਥਾ ਸਥਾਪਤ ਕਰਨ ਦੀ ਵਚਨਬੱਧਤਾ ਵਜੋਂ ਐਮਿਟੀ ਵੱਲੋਂ ਹਾਲ ਹੀ ਵਿੱਚ ਐਮਿਟੀ ਇੰਟਰਨੈਸ਼ਨਲ ਸਕੂਲ, ਮੁਹਾਲੀ ਅਤੇ ਇਹ ਸਥਾਪਤ ਕੀਤੀ ਜਾਣ ਵਾਲੀ ਇਸ ਐਮਿਟੀ ਯੂਨੀਵਰਸਿਟੀ, ਮੁਹਾਲੀ ਲਈ 700 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here